ਬਟਾਲਾ, 27 ਮਈ (ਸਤਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਪਾਸ ਕੀਤੇ ਗਏ 'ਦ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ (ਸੋਧ) ਐਕਟ 2026' ਵਿਚ ਸਿੱਖ ਸਿਧਾਂਤਾਂ ਤੇ ਰਹਿਤ ਮਰਿਯਾਦਾ ਦੇ ਉਲਟ ਦਰਜ ਕੀਤੀਆਂ ਗਈਆਂ ਮੱਦਾਂ ਦੇ ਵਿਰੋਧ ਵਿਚ 31 ਮਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਾਬਾ ਬਕਾਲਾ ਸਾਹਿਬ ਵਿਖੇ ਸੱਦੀ ਗਈ ਵਿਸ਼ਾਲ ਪੰਥਕ ਕਾਨਫਰੰਸ ਵਿਚ ਵੱਡੀ ਗਿਣਤੀ ਵਿਚ ਨਾਨਕ ਨਾਮ ਲੇਵਾ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਗ੍ਰੰਥੀ ਸਿੰਘ, ਪ੍ਰਚਾਰਕ ਤੇ ਕਵੀਸ਼ਰ, ਕਥਾਵਾਚਕ, ਪੰਥਕ ਸੋਚ ਨੂੰ ਸਮਰਪਿਤ ਸਖਸ਼ੀਅਤਾ ਵਹੀਰਾਂ ਘੱਤ ਕੇ ਪਹੁੰਚਣ | ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਮੈਂਬਰ ਸ਼੍ਰੋਮਣੀ ਕਮੇਟੀ ਜਥੇ. ਗੁਰਨਾਮ ਸਿੰਘ ਜੱਸਲ ਨੇ ਕੀਤਾ | ਉਨ੍ਹਾਂ ਕਿਹਾ ਕਿ ਨਵੇਂ ਸਰਕਾਰੀ ਕਾਨੂੰਨ ਦੀਆਂ ਗੰਭੀਰ ਸੰਵਿਧਾਨਕ ਅਤੇ ਧਾਰਮਿਕ ਤਰੁੱਟੀਆਂ (ਕਮੀਆਂ) ਬਾਰੇ ਵਿਸਥਾਰ ਸਹਿਤਗ ਪੰਥਕ ਕਨਵੈਨਸ਼ਨ ਵਿਚ ਵਿਚਾਰ-ਵਟਾਂਦਰਾ ਕੀਤਾ ਜਾਵੇਗਾ | ਜਥੇ. ਜੱਸਲ ਨੇ ਕਿਹਾ ਕਿ ਸਰਕਾਰ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਨੂੰ ਭਰੋਸੇ ਵਿਚ ਲਏ ਬਿਨਾਂ ਬਣਾਇਆ ਗਿਆ | ਉਨ੍ਹਾਂ ਕਿਹਾ ਕਿ ਇਹ ਕਾਨੂੰਨ ਸਿੱਖ ਭਾਵਨਾਵਾਂ ਅਤੇ ਅੰਦਰੂਨੀ ਮਰਿਯਾਦਾ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਦਾ ਹੈ |