ਨਰੋਟ ਮਹਿਰਾ, 27 ਮਈ (ਰਾਜ ਕੁਮਾਰੀ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਹਰ ਵਰਗ ਦੀ ਭਲਾਈ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਦੀ ਲੜੀ ਤਹਿਤ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਆਪਣੇ ਹਲਕੇ ਦੇ ਪਿੰਡ ਗਿੱਦੜਪੁਰ ਤੋਂ ਲੈ ਕੇ ਮਾਜਰਾ ਤੱਕ ਲਗਪਗ 8.5 ਕਿੱਲੋਮੀਟਰ ਲੰਬੇ ਨਾਲੇ ਦੀ ਸਫ਼ਾਈ ਦੇ ਕੰਮ ਦਾ ਆਗਾਜ਼ ਕਰਵਾਇਆ | ਇਸ ਅਹਿਮ ਪ੍ਰੋਜੈਕਟ 'ਤੇ ਤਕਰੀਬਨ 25 ਤੋਂ 30 ਲੱਖ ਰੁਪਏ ਦੀ ਲਾਗਤ ਆਵੇਗੀ | ਇਸ ਮੌਕੇ ਕੈਬਨਿਟ ਮੰਤਰੀ ਕਟਾਰੂਚੱਕ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਬਰਸਾਤਾਂ ਦੇ ਦਿਨਾਂ ਵਿਚ ਨਾਲੇ ਦੇ ਓਵਰਫ਼ਲੋ ਹੋਣ ਕਾਰਨ ਆਲੇ-ਦੁਆਲੇ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਇਸ ਦੇ ਨਾਲ ਹੀ ਨਾਲੇ ਦਾ ਪਾਣੀ ਖੇਤਾਂ ਵਿਚ ਭਰਨ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਵੀ ਭਾਰੀ ਨੁਕਸਾਨ ਹੁੰਦਾ ਸੀ | ਉਨ੍ਹਾਂ ਕਿਹਾ ਕਿ ਇਸ ਸਫ਼ਾਈ ਮੁਹਿੰਮ ਨਾਲ ਹੁਣ ਇਲਾਕਾ ਵਾਸੀਆਂ ਅਤੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਉਨ੍ਹਾਂ ਦੀ ਚਿਰੋਕਣੀ ਮੰਗ ਦਾ ਸਥਾਈ ਹੱਲ ਹੋਵੇਗਾ | ਮੰਤਰੀ ਨੇ ਦੁਹਰਾਇਆ ਕਿ ਪੰਜਾਬ ਸਰਕਾਰ ਹਲਕੇ ਦੇ ਹਰ ਕੋਨੇ ਤੱਕ ਵਿਕਾਸ ਦੀ ਰੌਸ਼ਨੀ ਪਹੁੰਚਾਉਣ ਲਈ ਵਚਨਬੱਧ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਪੱਕਾ ਹੱਲ ਕਰਨਾ ਉਨ੍ਹਾਂ ਦੀ ਪ੍ਰਮੁੱਖ ਤਰਜ਼ੀਹ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀ.ਸੀ. ਵਿੰਗ ਦੇ ਮਾਝਾ ਜ਼ੋਨ ਦੇ ਇੰਚਾਰਜ ਨਰੇਸ਼ ਸੈਣੀ, ਬਲਾਕ ਸੰਮਤੀ ਨਰੋਟ ਜੈਮਲ ਸਿੰਘ ਦੇ ਚੇਅਰਮੈਨ ਸੋਹਨ ਲਾਲ ਭਟੋਆ, ਸਰਪੰਚ ਮਲਕਾਣਾ ਅੰਜੂ ਬਾਲਾ, ਸਰਪੰਚ ਫੂਲਪੁਰ ਪਰਮਜੀਤ ਸਮੇਤ ਇਲਾਕੇ ਦੇ ਕਈ ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |