ਗੁਰਦਾਸਪੁਰ, 28 ਮਈ (ਚੱਕਰਾਜਾ)-ਅੱਜ ਗੁਰਦਾਸਪੁਰ ਦੀ ਇਤਿਹਾਸਿਕ ਪ੍ਰਸਿੱਧ ਜਾਮਾ ਮਸਜਿਦ ਨਬੀਪੁਰ ਵਿਖੇ ਮੁਸਲਮਾਨ ਭਾਈਚਾਰੇ ਵਲੋਂ ਈਦ-ਉੱਲ-ਅਜ਼ਹਾ (ਬਕਰੀਦ) ਦਾ ਤਿਉਹਾਰ ਮਨਾਇਆ ਗਿਆ | ਜਿਸ ਵਿਚ ਵੱਡੀ ਗਿਣਤੀ 'ਚ ਮੁਸਲਮਾਨ ਭਾਈਚਾਰੇ ਵਲੋਂ ਜਿੱਥੇ ਨਮਾਜ਼ ਅਦਾ ਕੀਤੀ ਗਈ, ਉੱਥੇ ਵਿਸ਼ਵ ਸ਼ਾਂਤੀ, ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੋਣ ਅਤੇ ਦੇਸ਼ ਦੀ ਤਰੱਕੀ ਲਈ ਦੁਆ ਕੀਤੀ ਗਈ | ਇਸ ਮੌਕੇ ਹਾਜ਼ੀ ਬਸ਼ੀਰ ਅਹਿਮਦ ਵਲੋਂ ਨਮਾਜ਼ ਅਦਾ ਕਰਵਾਈ ਗਈ | ਇਸ ਦੌਰਾਨ ਸਮੂਹ ਭਾਈਚਾਰੇ ਦੇ ਲੋਕਾਂ ਨੇ ਇਕ ਦੂਜੇ ਦੇ ਗਲੇ ਮਿਲ ਕੇ ਈਦ ਦੀ ਵਧਾਈ ਦਿੱਤੀ | ਇਸ ਤੋਂ ਇਲਾਵਾ ਸ਼ਹਿਰ ਦੇ ਹੋਰ ਵੱਖ ਵੱਖ ਥਾਵਾਂ 'ਤੇ ਮੁਸਲਮਾਨ ਭਾਈਚਾਰੇ ਵਲੋਂ ਇਹ ਤਿਉਹਾਰ ਮਨਾਇਆ ਗਿਆ | ਇਸ ਮੌਕੇ ਲਿਆਕਤ ਅਲੀ, ਹਜ਼ੂਰਦੀਨ, ਸੁਰਮੂਦੀਨ, ਬਿੱਲਾ ਧਾਰੀਵਾਲ, ਯਾਕੂਬ ਸੌਕਤਅਲੀ, ਕਾਰੀ ਲਿਆਕਤ ਅਲੀ ਸਮੇਤ ਵੱਡੀ ਗਿਣਤੀ 'ਚ ਮੁਸਲਮਾਨ ਭਾਈਚਾਰੇ ਦੇ ਲੋਕ ਹਾਜ਼ਰ ਸਨ | ਈਦ ਦੇ ਤਿਉਹਾਰ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵਲੋਂ ਮਸਜਿਦ ਦੇ ਬਾਹਰ ਪੁਲਿਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ ਅਤੇ ਮੁਸਲਮਾਨ ਭਾਈਚਾਰੇ ਦੇ ਲੋਕ ਆਪਣਾ ਤਿਉਹਾਰ ਸ਼ਾਂਤੀ ਪੂਰਵਕ ਮਨਾ ਸਕਣ |