ਬਟਾਲਾ, 28 ਮਈ (ਸਤਿੰਦਰ ਸਿੰਘ)-ਦੇਸ਼ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਫ਼ੌਜ ਤੇ ਪੁਲਿਸ ਸੇਵਾਵਾਂ ਵੱਲ ਪ੍ਰੇਰਿਤ ਕਰਨ ਦੇ ਮਕਸਦ ਨਾਲ ਜਗਤ ਪੰਜਾਬੀ ਸਭਾ ਕੈਨੇਡਾ ਦੀ ਪੰਜਾਬ ਇਕਾਈ ਵਲੋਂ ਇਕ ਵਿਸ਼ੇਸ਼ ਸਨਮਾਨ ਸਮਾਗਮ ਕੀਤਾ ਗਿਆ | ਇਸ ਮੌਕੇ ਨੌਜਵਾਨਾਂ ਨੂੰ ਆਰਮੀ ਅਤੇ ਪੁਲਿਸ ਭਰਤੀ ਦੀ ਤਿਆਰੀ ਕਰਵਾਉਣ ਵਾਲੇ ਸੇਵਾਮੁਕਤ ਫ਼ੌਜੀ ਅਤੇ ਕੋਚ ਰਿੰਕੂ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਮਾਗਮ ਉਸ ਵੇਲੇ ਮਾਣ ਤੇ ਖੁਸ਼ੀ ਦਾ ਕੇਂਦਰ ਬਣ ਗਿਆ, ਜਦੋਂ ਉਨਾਂ ਦੀ ਸਿਖਲਾਈ ਹੇਠ ਤਿਆਰ ਹੋਏ 10 ਨੌਜਵਾਨਾਂ ਨੇ ਭਰਤੀ ਪ੍ਰਕਿਰਿਆ ਵਿਚ ਸ਼ਾਨਦਾਰ ਸਫ਼ਲਤਾ ਹਾਸਲ ਕਰਦਿਆਂ ਇਲਾਕੇ ਦਾ ਨਾਂਅ ਰੌਸ਼ਨ ਕੀਤਾ | ਇਨਾਂ ਵਿਚੋਂ 9 ਨੌਜਵਾਨ ਅਗਨੀਵੀਰ ਫ਼ੌਜ ਅਤੇ 1 ਨੌਜਵਾਨ ਸੀ.ਆਰ.ਪੀ.ਐਫ. ਵਿਚ ਚੁਣਿਆ ਗਿਆ | ਚੁਣੇ ਗਏ ਨੌਜਵਾਨਾਂ ਵਿਚ ਹਰਮਨ ਸਿੰਘ, ਅੰਮਿ੍ਤਪਾਲ ਸਿੰਘ, ਸੁਖਰਾਜ ਸਿੰਘ, ਰਣਜੀਤ ਸਿੰਘ, ਅੰਮਿ੍ਤ ਸਿੰਘ, ਕਰਨਦੀਪ ਸਿੰਘ, ਸੁਖਮਨਪ੍ਰੀਤ ਸਿੰਘ, ਆਕਾਸ਼ਦੀਪ ਸਿੰਘ, ਦਿਲਰਾਜ ਸਿੰਘ ਅਤੇ ਆਕਾਸ਼ਦੀਪ ਹਾਂਸ ਦੇ ਨਾਮ ਸ਼ਾਮਲ ਹਨ | ਇਨਾਂ ਨੌਜਵਾਨਾਂ ਦੀ ਸਫ਼ਲਤਾ ਨਾਲ ਪੂਰੇ ਖੇਤਰ ਵਿਚ ਖੁਸ਼ੀ, ਮਾਣ ਤੇ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲਿਆ | ਇਹ ਸਨਮਾਨ ਸਮਾਗਮ ਜਗਤ ਪੰਜਾਬੀ ਸਭਾ ਕੈਨੇਡਾ ਦੇ ਰਾਜ ਪ੍ਰਧਾਨ ਅਤੇ ਜ਼ਿਲਾ ਗਾਈਡੈਂਸ ਕੌਂਸਲਰ ਗੁਰਦਾਸਪੁਰ ਮੁਕੇਸ਼ ਵਰਮਾ ਦੀ ਅਗਵਾਈ ਹੇਠ ਕਰਵਾਇਆ ਗਿਆ | ਸਮਾਗਮ ਵਿਚ ਸਭਾ ਦੇ ਉਪ ਪ੍ਰਧਾਨ ਸਰਵਣ ਸਿੰਘ ਧੰਦਲ, ਕੋਆਰਡੀਨੇਟਰ ਹਰਦੀਪ ਸਿੰਘ ਸੈਣੀ, ਮਹਾਂਸਚਿਵ ਪਵਨ ਭਾਰਦਵਾਜ, ਜਸਬੀਰ ਸਿੰਘ ਸਮਰਾ, ਸਾਬਕਾ ਕਾਰਜਕਾਰੀ ਅਧਿਕਾਰੀ ਰਾਜੇਸ਼ ਖੋਸਲਾ, ਪ੍ਰੇਮਪਾਲ, ਗੋਰਾ, ਲੱਕੀ ਭੰਡਾਰੀ ਅਤੇ ਵੀਨੂ ਅਬਰੋਲ ਸਮੇਤ ਕਈ ਹੋਰ ਹਸਤੀਆਂ ਹਾਜ਼ਰ ਸਨ | ਇਸ ਮੌਕੇ ਸ੍ਰੀ ਮੁਕੇਸ਼ ਵਰਮਾ ਨੇ ਕਿਹਾ ਕਿ ਰਿੰਕੂ ਸਿੰਘ ਵਰਗੇ ਸਮਰਪਿਤ ਅਤੇ ਦੇਸ਼ ਭਗਤ ਲੋਕ ਸਮਾਜ ਲਈ ਪ੍ਰੇਰਣਾਸ੍ਰੋਤ ਹਨ | ਉਨਾਂ ਕਿਹਾ ਕਿ ਰਿੰਕੂ ਸਿੰਘ ਦੀ ਮਿਹਨਤ ਤੇ ਮਾਰਗਦਰਸ਼ਨ ਦਾ ਹੀ ਨਤੀਜਾ ਹੈ ਕਿ ਉਨਾਂ ਦੀ ਅਗਵਾਈ ਹੇਠ 9 ਨੌਜਵਾਨ ਅਗਨੀਵੀਰ ਫ਼ੌਜ ਅਤੇ 1 ਨੌਜਵਾਨ ਸੀ.ਆਰ.ਪੀ.ਐੱਫ. ਵਿਚ ਚੁਣਿਆ ਗਿਆ ਹੈ | ਸਭਾ ਦੇ ਉਪ ਪ੍ਰਧਾਨ ਸਰਵਣ ਸਿੰਘ ਧੰਦਲ ਨੇ ਕਿਹਾ ਕਿ ਕੋਚ ਰਿੰਕੂ ਸਿੰਘ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਕੇਵਲ ਪ੍ਰਸ਼ਿਕਸ਼ਣ ਤੱਕ ਸੀਮਿਤ ਨਹੀਂ ਹਨ, ਸਗੋਂ ਉਹ ਨੌਜਵਾਨਾਂ ਵਿਚ ਆਤਮ ਵਿਸ਼ਵਾਸ ਤੇ ਦੇਸ਼ ਸੇਵਾ ਦੀ ਭਾਵਨਾ ਵੀ ਪੈਦਾ ਕਰ ਰਹੇ ਹਨ |