ਸ੍ਰੀ ਹਰਿਗੋਬਿੰਦਪੁਰ, 30 ਮਈ (ਕੰਵਲਜੀਤ ਸਿੰਘ ਚੀਮਾ)-ਨਗਰ ਕੌਸਲ ਸ੍ਰੀ ਹਰਿਗੋਬਿੰਦਪੁਰ ਸਾਹਿਬ ਦੀਆਂ ਕੁੱਲ 11 ਵਾਰਡਾਂ ਵਿਚੋਂ 7 ਵਾਰਡਾਂ ਵਿਚ ਹੋਈਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਦੇ ਨਤੀਜੇ ਬੀਤੇ ਦਿਨ ਸਾਹਮਣੇ ਆ ਗਏ ਹਨ, ਜਿਸ ਵਿਚ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਹੱਥ (ਪੰਜੇ) 'ਤੇ ਚੋਣ ਲੜੇ ਉਮੀਦਵਾਰਾਂ ਦੀ ਗਿਣਤੀ ਵਾਰਡ ਨੰਬਰ 1, 2, 3, 4, 5, 6 ਤੱਕ ਹੈ | ਇਨ੍ਹਾਂ ਵਾਰਡਾਂ ਵਿਚੋਂ ਵਾਰਡ ਨੰਬਰ 1, 2, 3 ਅਤੇ 6 ਵਾਰਡ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚੋਣ ਜਿੱਤ ਕਿ ਕੌਂਸਲਰ ਬਣ ਗਏ ਹਨ, ਉਕਤ ਉਮੀਦਵਾਰਾਂ ਨੇ ਸੱਤਾਧਿਰ ਪਾਰਟੀ 'ਆਪ' ਉਮੀਦਵਾਰਾਂ ਨੂੰ ਹਰਾਇਆ ਹੈ | ਵਾਰਡ ਨੰਬਰ 5 ਅਤੇ 10 ਵਿਚੋਂ ਦੋਵਾਂ ਤੋਂ ਆਜ਼ਾਦ ਉਮੀਦਵਾਰਾਂ ਔਰਤਾਂ ਜਿੱਤੀਆਂ ਹਨ | ਭਾਵੇਂ ਕਿ ਇਨ੍ਹਾਂ ਨੂੰ ਜਿਤਾਉਣ ਦੇ ਪਿੱਛੇ ਸਥਾਨਕ ਕਾਂਗਰਸੀ ਆਗੂਆਂ ਦਾ ਵੱਡਾ ਯੋਗਦਾਨ ਰਿਹਾ ਹੈ | ਸੱਤਾਧਿਰ 'ਆਪ' ਨੂੰ ਵਾਰਡ ਨੰਬਰ 4 ਤੋਂ ਚੋਣਾਂ ਵਿਚ ਜਿੱਤ ਮਿਲੀ ਹੈ ਅਤੇ ਵਾਰਡ ਨੰਬਰ 7 ਤੇ 9 ਵਿਚੋਂ ਪਹਿਲਾਂ ਹੀ 'ਆਪ' ਦੇ ਉਮੀਦਵਾਰ ਦੂਸਰੀਆਂ ਧਿਰਾਂ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਕਾਰਨ ਚੋਣ ਜਿੱਤ ਚੁੱਕੇ ਸਨ | ਇਸ ਤੋਂ ਇਲਾਵਾ ਵਾਰਡ ਨੰਬਰ 8 ਤੇ 11 ਵਿਚੋਂ ਵੀ ਆਜ਼ਾਦ ਉਮੀਦਵਾਰ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਨਾਲ ਸਹਿਮਤੀ ਹੋਣ ਕਾਰਨ ਇਥੋਂ ਆਪ ਉਮੀਦਵਾਰਾਂ ਅਤੇ 8 ਨੰਬਰ ਵਾਰਡ ਵਿਚੋਂ ਇਕ ਕਾਂਗਰਸ ਦੇ ਉਮੀਦਵਾਰ ਵਲੋਂ ਵੀ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈਣ ਕਾਰਨ ਬਿਨਾਂ ਮੁਕਾਬਲਾ ਚੋਣ ਜਿੱਤ ਚੁੱਕੇ ਸਨ | ਇਸ ਤਰ੍ਹਾਂ ਮੌਜ਼ੂਦਾ ਸਥਿਤੀ ਦੌਰਾਨ ਸ਼ਹਿਰ ਦੀਆਂ 11 ਵਾਰਡਾਂ ਵਿਚੋਂ ਹੁਣ ਕਾਂਗਰਸ ਪਾਰਟੀ ਦੇ 4 ਕੌਸਲਰ, 'ਆਪ' ਦੇ 3 ਅਤੇ 4 ਆਜ਼ਾਦ ਤੌਰ 'ਤੇ ਕੌਂਸਲਰ ਬਣੇ ਹਨ | ਜ਼ਿਕਰਯੋਗ ਹੈ ਕਿ ਸ੍ਰੀ ਹਰਿਗੋਬਿੰਦਪੁਰ ਨਗਰ ਕੌਂਸਲ ਦਾ ਪ੍ਰਧਾਨ ਬਣਨ ਲਈ 6 ਕੌਂਸਲਰਾਂ ਦਾ ਬਹੁਮੱਤ ਪ੍ਰਾਪਤ ਕਰਨ ਦੀ ਲੋੜ ਹੈ | ਇਕ ਵੋਟ ਮੌਜ਼ੂਦਾ ਵਿਧਾਇਕ ਦੀ ਵੀ ਪਵੇਗੀ | ਇਸ ਲਈ ਸ਼ਹਿਰ ਵਾਸੀਆਂ ਨੂੰ ਕਿਸ ਪਾਰਟੀ ਅਤੇ ਕਿਹੜਾ ਚਿਹਰਾ ਪ੍ਰਧਾਨ ਦੇ ਰੂਪ ਵਿਚ ਮਿਲੇਗਾ, ਇਹ ਭੇਤ ਬਰਕਰਾਰ ਰਹੇਗਾ, ਕਿਉਂਕਿ ਇਥੇ ਪ੍ਰਧਾਨ ਬਣਨ ਦੀ ਦੌੜ ਵਿਚ ਸਭ ਤੋਂ ਮੂਹਰੇ ਸਾਬਕਾ ਪ੍ਰਧਾਨ ਅਤੇ ਹੁਣ 2 ਨੰਬਰ ਵਾਰਡ ਤੋਂ ਕਾਂਗਰਸ ਵਲੋਂ 222 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਪ੍ਰਾਪਤ ਕਰ ਚੁੱਕੇ ਨਵਦੀਪ ਸਿੰਘ ਪੰਨੂੰ ਦਾ ਨਾਂਅ ਸਾਹਮਣੇ ਆ ਰਿਹਾ ਹੈ | ਸੱਤਾ ਧਿਰ 'ਆਪ' ਵਲੋਂ 4 ਨੰਬਰ ਵਾਰਡ ਤੋਂ ਜਿੱਤ ਪ੍ਰਾਪਤ ਕਰ ਚੁੱਕੇ ਉਮੀਦਵਾਰ ਗੌਰਵ ਭੱਲਾ ਵੀ ਹਲਕਾ ਵਿਧਾਇਕ ਅਤੇ ਆਜ਼ਾਦ ਉਮੀਦਵਾਰਾਂ ਦਾ ਸਹਾਰਾ ਲੈ ਕੇ ਸ਼ਹਿਰ ਦਾ ਪ੍ਰਧਾਨ ਬਣਨ ਲਈ ਜ਼ੋਰ ਜ਼ਰੂਰ ਲਗਾਉਣਗੇ, ਇਹ ਕਿਆਸਰਾਈਆਂ ਵੀ ਸਾਹਮਣੇ ਆ ਰਹੀਆਂ ਹਨ | ਇਸ ਤੋਂ ਇਲਾਵਾ 5, 8, 10 ਤੇ 11 ਨੰਬਰ ਵਾਰਡਾਂ ਤੋਂ ਜਿੱਤੇ 4 ਆਜ਼ਾਦ ਉਮੀਦਵਾਰਾਂ ਵਿਚੋਂ 11 ਵਾਰਡ ਤੋਂ ਆਜ਼ਾਦ ਉਮੀਦਵਾਰ ਪਰਮਿੰਦਰ ਕੌਰ ਵੀ ਪ੍ਰਧਾਨਗੀ ਦੀ ਦੌੜ ਸ਼ਾਮਿਲ ਹੋਣ ਦੀਆਂ ਕਨਸੋਆਂ ਹਨ | ਸ੍ਰੀ ਹਰਿਗੋਬਿੰਦਪੁਰ ਨਗਰ ਕੌਸਲ ਦਾ ਨਵਾਂ ਪ੍ਰਧਾਨ ਦਾ ਚਿਹਰਾ ਕਿਹੜਾ ਹੋਵੇਗਾ, ਇਹ ਅਜੇ ਪੱਕੇ ਰੂਪ ਵਿਚ ਵਿਖਾਈ ਨਹੀਂ ਰਿਹਾ ਹੈ | ਇਹ ਵੀ ਦੱਸਣਯੋਗ ਹੈ ਕਿ ਸ੍ਰੀ ਹਰਿਗੋਬਿੰਦਪੁਰ ਨਗਰ ਕੌਂਸਲ ਦੇ ਹੁਣ ਤੱਕ ਜਿੰਨੇ ਵੀ ਪ੍ਰਧਾਨ ਬਣੇ ਹਨ, ਉਹ ਜਰਨਲ ਭਾਈਚਾਰੇ ਨਾਲ ਸੰਬਧ ਰੱਖਦੇ ਸਨ, ਇਸ ਲਈ ਹੋ ਸਕਦਾ ਕਿ ਪੰਜਾਬ ਸਰਕਾਰ ਝਮੇਲਾ ਮੁਕਾਉਣ ਲਈ ਸ਼ਹਿਰ ਦੀ ਪ੍ਰਧਾਨਗੀ ਦੀ ਸੀਟ ਹੀ ਰਾਖਵੀਂ ਕਰ ਦੇਵੇ | ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਇਥੇ 7 ਵਾਰਡਾਂ ਵਿਚ ਹੋਈਆਂ ਚੋਣਾਂ ਦੌਰਾਨ ਚੋਣ ਲੜ ਰਹੀਆਂ ਸਾਰੀਆਂ ਧਿਰਾਂ ਵਲੋਂ ਕਰੋੜਾਂ ਰੁਪਏ ਖ਼ਰਚੇ ਗਏ ਹਨ ਅਤੇ ਵੋਟਰਾਂ ਨੂੰ ਲਾਲਚ ਦੇਣ ਲਈ ਮਹਿੰਗੇ ਬ੍ਰਾਂਡ ਦੀ ਸ਼ਰਾਬ ਵੀ ਅਥਾਹ ਵਰਤਾਈ ਗਈ ਹੈ | ਚੋਣ ਲੜ ਰਹੀਆਂ ਦੋਵਾਂ ਪਾਰਟੀਆਂ ਵਲੋਂ ਖੁੱਲਦਿਲੀ ਨਾਲ ਪੈਸਾ ਤੇ ਸ਼ਰਾਬ ਲੋਕਾਂ ਨੂੰ ਵੰਡੀ ਗਈ ਹੈ | ਕਿਹਾ ਜਾ ਰਿਹਾ ਹੈ ਕਿ ਵਾਰਡ ਨੰਬਰ 2 ਵਿਚ ਦੋਵਾਂ ਧਿਰਾਂ ਨੇ ਖੁੱਲ੍ਹ ਕੇ ਜੇਬਾਂ ਵੀ ਢਿੱਲੀਆਂ ਕੀਤੀਆਂ |