ਕਾਹਨੂੰਵਾਨ, 30 ਮਈ (ਨਿਸ਼ਾਨ ਸਿੰਘ ਚਾਹਲ)-ਕਾਹਨੂੰਵਾਨ ਖੇਤਰ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ ਵਿਚ ਅੱਜ ਸਵੇਰੇ ਤੇਜ਼ ਹਵਾਵਾਂ ਚੱਲਣ ਅਤੇ ਮੋਹਲੇਧਾਰ ਬਾਰਿਸ਼ ਹੋਣ ਦੇ ਨਾਲ ਪਿਛਲੇ ਕਈ ਦਿਨਾਂ ਤੋਂ ਲੂੰ ਲਗਣ ਵਾਲੀ ਗਰਮੀ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ | ਵਰਨਣਯੋਗ ਹੈ ਕਿ ਬੀਤੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਨਾਲ ਲੋਕਾਂ ਦਾ ਬੁਰਾ ਹਾਲ ਸੀ | ਲੋਕ ਬੜੀ ਬੇਸਬਰੀ ਦੇ ਨਾਲ ਬਾਰਿਸ਼ ਦਾ ਇੰਤਜ਼ਾਰ ਕਰ ਰਹੇ ਸਨ | ਅੱਜ ਸਵੇਰ ਵੇਲੇ ਅਚਾਨਕ ਬਦਲੇ ਮੌਸਮ ਦੇ ਮਿਜਾਜ ਦੇ ਚਲਦਿਆਂ ਤੇਜ਼ ਹਵਾਵਾਂ ਚੱਲਣ ਲੱਗੀਆਂ | ਹਾਲਾਂਕਿ ਮੋਹਲੇਧਾਰ ਬਾਰਿਸ਼ ਦੇ ਨਾਲ ਲੋਕਾਂ ਨੂੰ ਕਾਫ਼ੀ ਹੱਦ ਤੱਕ ਗਰਮੀ ਤੋਂ ਰਾਹਤ ਮਿਲੀ ਹੈ, ਪਰ ਤੇਜ਼ ਹਵਾਵਾਂ ਚੱਲਣ ਦੇ ਨਾਲ ਇਸ ਇਲਾਕੇ ਅੰਦਰ ਕਿਸਾਨਾਂ ਦੀ ਮੱਕੀ ਨੂੰ ਕਾਫ਼ੀ ਹੱਦ ਤੱਕ ਨੁਕਸਾਨ ਪੁੱਜਿਆ ਹੈ | ਇਸ ਦੇ ਨਾਲ ਹੀ ਗੁਰਦਾਸਪੁਰ-ਕਾਹਨੂੰਵਾਨ ਮਾਰਗ ਉੱਪਰ ਕਈ ਥਾਵਾਂ 'ਤੇ ਵੱਡੇ ਦਰੱਖਤ ਡਿਗ ਗਏ, ਜਿਸ ਕਾਰਨ ਇਸ ਮਾਰਗ ਉੱਪਰ ਕੁਝ ਦੇਰ ਲਈ ਆਵਾਜਾਈ ਪ੍ਰਭਾਵਿਤ ਹੋਈ | ਤੇਜ਼ ਹਵਾਵਾਂ ਚੱਲਣ ਕਾਰਨ ਕਈ ਥਾਵਾਂ 'ਤੇ ਬਿਜਲੀ ਦੇ ਖੰਭਿਆਂ ਤੇ ਤਾਰਾਂ ਨੂੰ ਨੁਕਸਾਨ ਪੁੱਜਣ ਕਾਰਨ ਪੇਂਡੂ ਤੇ ਸ਼ਹਿਰੀ ਇਲਾਕਿਆਂ ਅੰਦਰ ਕਈ ਘੰਟੇ ਬਿਜਲੀ ਵੀ ਗੁੱਲ ਰਹੀ | ਕੁੱਲ ਮਿਲਾ ਕੇ ਇਕ ਮਈ ਤੋਂ ਝੋਨੇ ਦੀ ਬਿਜਾਈ ਦੀ ਤਿਆਰੀ ਕਰ ਰਹੇ ਕਿਸਾਨਾਂ ਲਈ ਇਹ ਬਾਰਿਸ਼ ਲਾਹੇਵੰਦ ਸਾਬਤ ਹੋਵੇਗੀ |