ਬਟਾਲਾ, 31 ਮਈ (ਸਤਿੰਦਰ ਸਿੰਘ)-ਹਿਮਾਲਿਆ ਪਰਿਵਾਰ ਸੰਗਠਨ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਦੇ ਲਗਪਗ ਹਰ ਘਰ ਤੋਂ ਇਕ 2 ਨੌਜਵਾਨ ਵਿਦੇਸ਼ ਵਿਚ ਹਨ, ਜਿਸ ਕਰ ਕੇ ਪੰਜਾਬ ਦੇ ਹਰ ਪਿੰਡ ਵਿਚ ਕਰੋੜਾਂ ਰੁਪਏ ਦੀ ਉਪਜਾਊ ਜ਼ਮੀਨ ਹੋਣ ਦੇ ਬਾਵਜੂਦ ਅਜਿਹੇ ਪਰਿਵਾਰ ਦੇ ਬੱਚੇ 2 ਡੰਗ ਦੀ ਰੋਟੀ ਲਈ ਵਿਦੇਸ਼ ਵਿਚ ਜਾ ਕੇ ਮਜ਼ਦੂਰੀ ਕਰ ਰਹੇ ਹਨ, ਹਾਲਾਂਕਿ ਅਜਿਹੇ ਨੌਜਵਾਨ ਚੰਗੀ ਪ੍ਰਤਿਭਾ ਰੱਖਦੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਦੁਨੀਆਂ ਦੇ ਹਰ ਦੇਸ਼ ਵਿਚ ਵਪਾਰ ਕਰ ਰਹੇ ਹਨ, ਪਰ ਫਿਰ ਵੀ ਇਕ ਸਵਾਲ ਉੱਠਦਾ ਹੈ ਕਿ ਭਾਰਤ ਦੀਆਂ ਸਭ ਤੋਂ ਵੱਡੀਆਂ 500 ਕੰਪਨੀਆਂ ਵਿਚ ਪੰਜਾਬ ਦੀਆਂ ਕਿੰਨੀਆਂ ਕੰਪਨੀਆਂ ਹਨ | ਸ: ਗਿੱਲ ਨੇ ਚਿੰਤਾ ਪ੍ਰਗਟਾਈ ਹੈ ਕਿ ਸਾਡੇ ਕੋਲ ਮਿਹਨਤ ਕਰਨ ਦਾ ਜਜ਼ਬਾ ਹੈ, ਸਾਡੇ ਨੌਜਵਾਨਾਂ ਕੋਲ ਪੂੰਜੀ ਹੈ ਅਤੇ ਸਭ ਤੋਂ ਵੱਡੀ ਗੱਲ ਸਾਡੇ ਕੋਲ ਹੁਨਰ ਹੈ, ਪਰ ਫਿਰ ਅਸੀਂ ਵੱਡੇ ਉਦਯੋਗਿਕ ਘਰ ਕਿਉਂ ਨਹੀਂ ਖੜੇ ਕਰ ਸਕੇ? ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਨੌਜਵਾਨ ਵਰਗ ਨੂੰ ਸਿਰਫ਼ ਨੌਕਰੀਆਂ ਦੀ ਨਹੀਂ, ਵਿਸ਼ਵ ਪੱਧਰੀ ਕੰਪਨੀਆਂ ਬਣਾਉਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦਾ ਅਗਲਾ ਅੰਦੋਲਨ 'ਖੇਤੀ ਤੋਂ ਅੱਗੇਉਦਯੋਗ, ਤਕਨਾਲੋਜੀ ਅਤੇ ਗਲੋਬਲ ਬ੍ਰਾਂਡ' ਹੋਵੇਗਾ, ਕਿਉਂਕਿ ਜਿਸ ਦਿਨ ਪੰਜਾਬ ਦੀਆਂ ਆਪਣੀਆਂ ਵਿਸ਼ਵ ਪੱਧਰੀ 500 ਕੰਪਨੀਆਂ ਹੋਣਗੀਆਂ, ਉਸ ਦਿਨ ਹਜ਼ਾਰਾਂ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਲੋੜ ਨਹੀਂ ਰਹੇਗੀ ਅਤੇ ਪੰਜਾਬ ਆਪਣੇ ਆਪ ਖ਼ੁਸ਼ਹਾਲੀ ਦੇ ਰਾਹ ਤੁਰ ਪਏਗਾ |