ਕਾਹਨੂੰਵਾਨ, 31 ਮਈ (ਨਿਸ਼ਾਨ ਸਿੰਘ ਚਾਹਲ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਕਿਸਾਨਾਂ ਨੂੰ ਇਸ ਵਾਰ ਝੋਨੇ ਦੀ ਲਵਾਈ ਇਕ ਜੂਨ ਤੋਂ ਸ਼ੁਰੂ ਕਰਨ ਦੀ ਇਜ਼ਾਜਤ ਦੇਣ ਤੋਂ ਬਾਅਦ ਅੱਜ ਤੋਂ ਪੰਜਾਬ ਵਿਚ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋ ਜਾਵੇਗਾ, ਪਰ ਬਹੁਗਿਣਤੀ ਕਿਸਾਨ ਝੋਨੇ ਦੀ ਪਨੀਰੀ ਛੋਟੀ ਹੋਣ ਅਤੇ ਪ੍ਰਵਾਸੀ ਤੇ ਖੇਤ ਮਜ਼ਦੂਰਾਂ ਦੀ ਕਮੀ ਦੇ ਚਲਦਿਆਂ ਫਿਲਹਾਲ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਨਹੀਂ ਕਰ ਰਹੇ | ਕਿਸਾਨਾਂ ਨੂੰ ਲਵਾਈ ਦਾ ਸੀਜ਼ਨ ਸ਼ੁਰੂ ਹੋਣ ਵੇਲੇ ਤੋਂ ਹੀ ਪ੍ਰਵਾਸੀ ਅਤੇ ਖੇਤ ਮਜ਼ਦੂਰਾਂ ਦੀ ਕਮੀ ਸਤਾਉਣ ਲੱਗ ਪਈ ਹੈ | ਕਿਸਾਨ ਗੁਰਮੁੱਖ ਸਿੰਘ ਰਾਮਪੁਰ, ਰਣਜੀਤ ਸਿੰਘ ਧੰਦਲ, ਮਹਿਕਦੀਪ ਸਿੰਘ ਬਖ਼ਤਪੁਰ ਤੇ ਜੋਗਾ ਸਿੰਘ ਨੇ ਦੱਸਿਆ ਕਿ ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਪੰਜਾਬ ਵਿਚ ਮਿਹਨਤ-ਮਜ਼ਦੂਰੀ ਕਰਨ ਲਈ ਆਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਰਾਜਾਂ ਵਿਚ ਮਨਰੇਗਾ ਯੋਜਨਾ ਦੇ ਤਹਿਤ ਰੁਜ਼ਗਾਰ ਮਿਲਣ ਕਾਰਨ ਹੁਣ ਬਹੁਤ ਹੀ ਘੱਟ ਪ੍ਰਵਾਸੀ ਮਜ਼ਦੂਰ ਪੰਜਾਬ ਵਿਚ ਆ ਰਹੇ ਹਨ, ਜਿਸ ਕਰਕੇ ਸਾਨੂੰ ਪਿਛਲੇ ਸਮੇ ਤੋਂ ਪ੍ਰਵਾਸੀ ਮਜ਼ਦੂਰਾਂ ਦੀ ਕਮੀ ਰੜਕ ਰਹੀ ਹੈ | ਕਿਸਾਨਾਂ ਨੇ ਕਿਹਾ ਕਿ ਇਸ ਸਮੇਂ ਬਾਰਿਸ਼ ਦਾ ਮੌਸਮ ਸ਼ੁਰੂ ਨਾ ਹੋਣ ਕਾਰਨ ਕਿਸਾਨਾਂ ਲਈ ਪਹਿਲਾਂ ਲਗਾਏ ਗਏ ਝੋਨੇ ਨੂੰ ਪਾਲਣ ਅਤੇ ਹੋਰ ਖੇਤਾਂ ਵਿਚ ਝੋਨਾ ਲਗਾਉਣ ਲਈ ਪਾਣੀ ਦੀ ਕਮੀ ਮਹਿਸੂਸ ਹੋਵੇਗੀ | ਇਸ ਲਈ ਉਹ ਬਾਰਿਸ਼ ਦਾ ਮੌਸਮ ਸ਼ੁਰੂ ਹੋਣ ਤੋਂ ਬਾਅਦ ਹੀ ਆਪਣੇ ਖੇਤਾਂ 'ਚ ਝੋਨਾ ਲਗਾਉਣਗੇ | ਵਰਨਣਯੋਗ ਹੈ ਕਿ ਝੋਨੇ ਅਤੇ ਕਣਕ ਦੇ ਫ਼ਸਲੀ ਚੱਕਰ ਕਾਰਨ ਹਰ ਸਾਲ ਧਰਤੀ ਹੇਠਲੇ ਪਾਣੀ ਦੇ ਪੱਧਰ ਵਿਚ ਆ ਰਹੀ ਗਿਰਾਵਟ ਦੇ ਚਲਦਿਆਂ ਤਤਕਾਲੀ ਅਕਾਲੀ-ਭਾਜਪਾ ਗੱਠਜੋੜ ਵਲੋਂ 2009 ਵਿਚ ਪ੍ਰੀਜਰਵੇਸ਼ਨ ਆਫ਼ ਸਬ ਸਾਇਲ ਵਾਟਰ ਐਕਟ ਪਾਸ ਕੀਤਾ ਸੀ, ਜਿਸ ਦੇ ਤਹਿਤ ਕੋਈ ਵੀ ਕਿਸਾਨ ਆਪਣੇ ਖੇਤਾਂ ਵਿਚ ਝੋਨੇ ਦੀ ਲਵਾਈ 15 ਜੂਨ ਤੋਂ ਪਹਿਲਾਂ ਨਹੀਂ ਕਰ ਸਕਦਾ ਸੀ | ਖੇਤੀ ਵਿਗਿਆਨੀਆਂ ਦਾ ਤਰਕ ਸੀ ਕਿ 15 ਜੂਨ ਤੋਂ ਬਾਅਦ ਪੰਜਾਬ ਅੰਦਰ ਬਾਰਿਸ਼ ਸ਼ੁਰੂ ਹੋ ਜਾਂਦੀ ਹੈ | ਇਸ ਕਾਰਨ ਧਰਤੀ ਹੇਠਲੇ ਪਾਣੀ ਦੇ ਪੱਧਰ 'ਤੇ ਕੋਈ ਜ਼ਿਆਦਾ ਫ਼ਰਕ ਨਹੀਂ ਪੈਂਦਾ, ਪਰ ਹੁਣ ਸੱਤਾਧਾਰੀ ਸਰਕਾਰ ਵਲੋਂ ਇਕ ਜੂਨ ਤੋਂ ਝੋਨਾ ਲਗਾਉਣ ਦੀ ਆਗਿਆ ਦੇਣ 'ਤੇ ਪਾਣੀ ਦੇ ਪੱਧਰ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ੍ਹ ਹੋ ਰਹੇ ਹਨ |