ਫਤਹਿਗੜ੍ਹ ਚੂੜੀਆਂ, 9 ਜੂਨ (ਅਵਤਾਰ ਸਿੰਘ ਰੰਧਾਵਾ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਨਹਿਰੀ ਪਾਣੀ ਨੂੰ ਖੇਤਾਂ ਦੀਆਂ ਆਖਰੀ ਟੇਲਾਂ ਤੱਕ ਪਹੁੰਚਾ ਕੇ ਕਿਸਾਨ ਹਿਤੈਸ਼ੀ ਸਰਕਾਰ ਹੋਣ ਦਾ ਸਬੂਤ ਦਿੱਤਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਨੇ ਕੀਤਾ | ਉਨ੍ਹਾਂ ਦੱਸਿਆ ਕਿ ਹਲਕਾ ਫਤਹਿਗੜ੍ਹ ਚੂੜੀਆਂ ਦੇ ਇਸ ਪਿੰਡ ਮਰੜ ਵਿਖੇ 1.5 ਕਰੋੜ ਰੁਪਏ ਦੀ ਲਾਗਤ ਨਾਲ 14 ਹਜ਼ਾਰ ਫੁੱਟ ਲੰਬਾ ਤੇ 3 ਫੁੱਟ ਚੌੜਾ ਇਹ ਨਹਿਰੀ ਖਾਲ ਪੱਕਾ ਕਰਕੇ ਤਿਆਰ ਕੀਤਾ ਗਿਆ ਹੈ, ਜਿਸ ਨਾਲ ਵੱਡੀ ਗਿਣਤੀ 'ਚ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਣ ਦੀ ਸ਼ੁਰੂਆਤ ਹੋ ਗਈ ਹੈ | ਇਸ ਵੱਡੀ ਰਾਹਤ ਨਾਲ ਸੰਬੰਧਿਤ ਕਿਸਾਨਾਂ ਦੇ ਚਿਹਰੇ ਖੁਸ਼ੀ ਨਾਲ ਖਿੜ ਗਏ ਹਨ, ਜਦ ਕਿ ਇਸ ਉਪਰਾਲੇ ਨਾਲ ਭੂਮੀਗਤ ਪਾਣੀ ਦੀ ਸੰਭਾਲ ਵੀ ਹੋ ਰਹੀ ਹੈ ਤੇ ਕਿਸਾਨਾਂ ਨੂੰ ਵੱਡਾ ਲਾਭ ਮਿਲ ਰਿਹਾ ਹੈ | ਇਸ ਮੌਕੇ ਪਿੰਡ ਵਾਸੀਆਂ ਨੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਸਮੇਤ ਲੋਕ-ਪੱਖੀ ਕੰਮ ਲਈ ਮਾਨ ਸਰਕਾਰ ਦਾ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਲਖਵਿੰਦਰ ਸਿੰਘ, ਜੋਬਨਜੀਤ ਸਿੰਘ, ਜਸਵੰਤ ਸਿੰਘ ਸਰਕਾਰੀਆਂ, ਬਿਕਰਮਜੀਤ ਸਿੰਘ ਪੰਚ, ਗੁਰਸੇਵਕ ਸਿੰਘ, ਗੁਰਦੀਪ ਸਿੰਘ, ਗੁਰਮੇਜ ਸਿੰਘ, ਬਲਦੇਵ ਸਿੰਘ, ਸੱਜਣ ਸਿੰਘ ਆਦਿ ਹਾਜ਼ਰ ਸਨ |