ਡੇਰਾ ਬਾਬਾ ਨਾਨਕ, 12 ਜੂਨ (ਹੀਰਾ ਸਿੰਘ ਮਾਂਗਟ)-ਬੀਤੀ ਸ਼ਾਮ ਆਏ ਤੇਜ ਤੂਫਾਨ ਤੇ ਝੱਖੜ ਨਾਲ ਡੇਰਾ ਬਾਬਾ ਨਾਨਕ ਇਲਾਕੇ ਅੰਦਰ ਕਿਸਾਨਾਂ ਦਾ ਬਿਜਲੀ ਵਿਭਾਗ ਤੇ ਜੰਗਲਾਤ ਵਿਭਾਗ ਦਾ ਵੱਡਾ ਨੁਕਸਾਨ ਹੋਇਆ ਹੈ | ਪਿੰਡ ਸਾਹਪੁਰ ਜ਼ਾਜਨ ਵਿਚ ਕਿਸਾਨ ਬਲਵਿੰਦਰ ਸਿੰਘ, ਜਗਰੂਪ ਸਿੰਘ ਦੋਧੀ, ਮਾਸਟਰ ਕੁਲਜੀਤ ਸਿੰਘ, ਰਣਜੀਤ ਸਿੰਘ ਦੋਧੀ ਤੇ ਕੰਵਲਜੀਤ ਸਿੰਘ ਆਦਿ ਕਈ ਹੋਰ ਕਿਸਾਨਾਂ ਦੇ ਪਸ਼ੂਆਂ ਦੇ ਸੈੱਡਾਂ ਦਾ ਵੱਡਾ ਨੁਕਸਾਨ ਕੀਤਾ ਹੈ, ਇਥੋਂ ਤੱਕ ਕਿ ਸ਼ੈੱਡਾਂ ਦਾ ਮਲਬਾ ਦੂਰ-ਦੂਰ ਖੇਤਾਂ ਵਿਚ ਖਿਲਰਿਆ ਪਿਆ ਦਿਖਾਈ ਦਿੱਤਾ ਤੇ ਉੱਥੇ ਹੀ ਕੁਝ ਪਸ਼ੂਆਂ ਨੂੰ ਸੱਟਾਂ ਵੀ ਲੱਗੀਆਂ ਹਨ, ਪਰ ਹਾਲੇ ਤੱਕ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਵਲੋਂ ਇਨ੍ਹਾਂ ਪੀੜਤ ਕਿਸਾਨਾਂ ਦੀ ਸਾਰ ਨਹੀਂ ਲਈ ਗਈ | ਪੀੜਤ ਕਿਸਾਨਾਂ ਨੇ ਦੱਸਿਆ ਕਿ ਕੱਲ੍ਹ ਆਏ ਤੂਫਾਨ ਰੂਪੀ ਹਨੇਰੀ ਝੱਖੜ ਨੇ ਉਨ੍ਹਾਂ ਦੇ ਪਸ਼ੂਆਂ ਦੇ ਸੈੱਡ ਪੂਰੀ ਤਰ੍ਹਾਂ ਤਹਿਸ-ਨਹਿਸ ਕਰ ਦਿੱਤੇ ਹਨ, ਜਿਸ ਨਾਲ ਸਾਡਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ | ਉਨ੍ਹਾਂ ਦੱਸਿਆ ਕਿ ਬੀਤੇ ਸਮੇਂ ਆਏ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਹਲੇ ਤੱਕ ਸਾਡੇ ਸਿਰੋਂ ਕਰਜਾ ਨਹੀਂ ਉਤਰਿਆ ਸੀ ਤੇ ਹੁਣ ਇਸ ਪਈ ਕੁਦਰਤੀ ਮਾਰ ਨੇ ਸਾਨੂੰ ਝਿੰਜੋੜ ਕੇ ਰੱਖ ਦਿੱਤਾ ਹੈ | ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸਾਡੇ ਹੋਏ ਨੁਕਸਾਨ ਦੀ ਗਰਦੌਰੀ ਕਰਵਾ ਕੇ ਸਾਨੂੰ ਬਣਦਾ ਉਚਿਤ ਮੁਆਵਜਾ ਦਿੱਤਾ ਜਾਵੇ | ਇਸ ਸਬੰਧੀ ਐਸ.ਡੀ.ਐਮ. ਡੇਰਾ ਬਾਬਾ ਨਾਨਕ ਲਸ਼ਮਣ ਸਿੰਘ ਨੇ ਕਿਹਾ ਕਿ ਫਿਲਹਾਲ ਅਜੇ ਮੇਰੇ ਵਲੋਂ ਡੇਰਾ ਬਾਬਾ ਨਾਨਕ ਦਾ ਚਾਰਜ ਨਹੀਂ ਲਿਆ ਗਿਆ, ਪਰ ਫਿਰ ਵੀ ਜੋ ਵੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਹੋਣਗੀਆਂ, ਉਸ ਅਨੁਸਾਰ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |