ਫ਼ਤਹਿਗੜ੍ਹ ਚੂੜੀਆਂ, 12 ਜੂਨ (ਅਵਤਾਰ ਸਿੰਘ ਰੰਧਾਵਾ)-ਪਿਛਲੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਦੇ ਕਹਿਰ ਤੋਂ ਬਾਅਦ ਬੀਤੀ ਸ਼ਾਮ ਵੇਲੇ ਫ਼ਤਹਿਗੜ੍ਹ ਚੂੜੀਆਂ ਦੇ ਸਮੁੱਚੇ ਖੇਤਰ ਅੰਦਰ ਆਏ ਤੂਫ਼ਾਨ, ਹਨੇਰੀ ਨੇ ਭਿਆਨਕ ਰੂਪ ਧਾਰਨ ਕਰ ਲਿਆ | ਇਸ ਤੂਫ਼ਾਨ ਨਾਲ ਕਈ ਲੋਕਾਂ ਦੇ ਘਰ, ਕੰਧਾਂ, ਬਿਜਲੀ ਦੇ ਖੰਭੇ, ਪਸ਼ੂਆਂ ਦੇ ਢਾਰੇ, ਪਾਣੀ ਵਾਲੀਆਂ ਟੈਂਕੀਆਂ ਅਤੇ ਦਰੱਖਤਾਂ ਦਾ ਵੱਡਾ ਨੁਕਸਾਨ ਹੋਇਆ, ਜਦ ਕਿ ਬਿਜਲੀ ਦੇ ਖੰਭੇ ਤੇ ਤਾਰਾਂ ਟੁੱਟਣ ਨਾਲ ਬਿਜਲੀ ਪੂਰੀ ਤਰ੍ਹਾਂ ਗੁੱਲ ਹੋ ਗਈ | ਇਸੇ ਤਰ੍ਹਾਂ ਪਿੰਡ ਘਣੀਏ-ਕੇ-ਬਾਂਗਰ ਵਿਖੇ ਸਹਾਇਕ ਧੰਦਾ ਕਰਨ ਵਾਲੇ ਕਿਸਾਨ ਦਾ 2 ਮੰਜ਼ਿਲਾ ਬਹੁ ਕੀਮਤੀ ਪੋਲਟਰੀ ਫਾਰਮ ਤਬਾਹ ਹੋ ਗਿਆ ਤੇ ਪੋਲਟਰੀ ਫਾਰਮ ਵਿਚਲੇ ਜਾਨਵਰ ਮਲਬੇ ਹੇਠ ਦੱਬ ਕੇ ਮਰ ਗਏ | ਤੂਫ਼ਾਨ ਦਾ ਮੰਜ਼ਰ ਏਨਾ ਭਿਆਨਕ ਸੀ ਕਿ ਲੋਹੇ ਦੇ ਭਾਰੀ ਐਂਗਲ ਅਤੇ ਮਲਬਾ ਕਰੀਬ 100 ਗਜ ਦੀ ਦੂਰੀ 'ਤੇ ਦੂਸਰੇ ਘਰ ਦੀ ਕੰਧੋਂ ਪਾਰ ਢੇਰੀ ਹੋ ਗਿਆ, ਜਿਸ ਨਾਲ ਅੰਦਰ ਖੜੀ ਗੱਡੀ, ਗੇਟ ਤੇ ਹੋਰ ਨੁਕਸਾਨ ਹੋ ਗਿਆ | ਇਸ ਮੌਕੇ ਪੋਲਟਰੀ ਫਾਰਮ ਦੇ ਮਾਲਕ ਕਾਬਲ ਸਿੰਘ ਨੇ ਹੋਰਨਾਂ ਸਮੇਤ ਦੱਸਿਆ ਕਿ ਲੱਖਾਂ ਰੁਪਏ ਦਾ ਕਰਜ਼ਾ ਚੁੱਕ 2 ਮੰਜ਼ਿਲਾ ਸ਼ੈੱਡ ਤਿਆਰ ਕੀਤਾ ਸੀ ਤੇ ਇਸ ਨਾਲ ਆਪਣਾ ਪਰਿਵਾਰ ਪਾਲ ਰਿਹਾ ਸੀ, ਪਰ ਜਬਰਦਸਤ ਵਗੇ ਹਨੇਰ ਨੇ ਤਬਾਹ ਕਰ ਦਿੱਤਾ | ਸਭ ਉਸ ਦੀਆਂ ਅੱਖਾਂ ਸਾਹਮਣੇ ਢਹਿ-ਢੇਰੀ ਹੋ ਗਿਆ ਅਤੇ ਇਸ ਵਿਚ ਦੱਬ ਕੇ ਜਾਨਵਰ ਮਰ ਗਏ ਹਨ | ਇਸ ਨਾਲ 15 ਤੋਂ 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ, ਪਰ ਪੋਲਟਰੀ ਫਾਰਮ ਤੋਂ ਕੁਝ ਦੂਰੀ 'ਤੇ ਰਹਿੰਦੇ ਪਰਿਵਾਰਿਕ ਮੈਂਬਰਾਂ ਤੇ ਪਸ਼ੂਆਂ ਦਾ ਨੁਕਸਾਨ ਹੋਣੋਂ ਬਚ ਗਿਆ ਅਤੇ ਨਾਲ ਦੇ ਘਰਾਂ ਦਾ ਵੀ ਬਹੁਤ ਨੁਕਸਾਨ ਹੋਇਆ ਹੈ | ਇਸ ਮੌਕੇ ਕਾਬਲ, ਜੱਸਾ ਸਿੰਘ, ਹਰਪਿੰਦਰ ਸਿੰਘ, ਵਰਿੰਦਰ ਸਿੰਘ, ਸਰਬਜੀਤ ਸਿੰਘ, ਗੁਰਦਿਆਲ ਸਿੰਘ, ਹਰਮਿੰਦਰ ਸਿੰਘ, ਹਰਮਨਜੀਤ ਸਿੰਘ, ਲਵਪ੍ਰੀਤ ਸਿੰਘ ਆਦਿ ਨੇ ਪੰਜਾਬ ਸਰਕਾਰ ਅੱਗੇ ਮੰਗ ਕੀਤੀ ਕਿ ਪੀੜਤ ਕਿਸਾਨ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਉਨ੍ਹਾਂ ਦੇ ਪਰਿਵਾਰ ਦੀ ਰੋਟੀ-ਰੋਜ਼ੀ ਚੱਲ ਸਕੇ |