ਗੁਰਦਾਸਪੁਰ, 13 ਜੂਨ (ਚੱਕਰਾਜਾ)-ਪੰਜਾਬ ਦੇ ਸਮੂਹ ਪੈਨਸ਼ਨਰਾਂ ਤੇ ਫੈਮਲੀ ਪੈਨਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੰੂ ਲੈ ਕੇ ਜ਼ਿਲ੍ਹਾ ਵਰਕਿੰਗ ਕਮੇਟੀ ਵਲੋਂ ਪ੍ਰਧਾਨ ਮੁਰਾਰੀ ਲਾਲ ਸ਼ਰਮਾ ਤੇ ਸਕੱਤਰ ਕਸ਼ਮੀਰ ਸਿੰਘ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨੰੂ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ | ਮੰਗ ਪੱਤਰ ਦੇਣ ਤੋਂ ਪਹਿਲਾਂ ਯੂਨੀਅਨ ਆਗੂਆਂ ਨੇ ਡੀ.ਸੀ ਦਫ਼ਤਰ ਦੇ ਬਾਹਰ ਮੀਟਿੰਗ ਕਰਕੇ ਪੈਨਸ਼ਨਰਾਂ ਪ੍ਰਤੀ ਸਰਕਾਰ ਦੇ ਵਤੀਰੇ ਦੀ ਅਲੋਚਨਾ ਕੀਤੀ | ਆਗੂਆਂ ਨੇ ਜ਼ੋਰਦਾਰ ਮੰਗ ਕਰਦਿਆਂ 18 ਫ਼ੀਸਦੀ ਡੀ.ਏ ਜਾਰੀ ਕਰਨ, 2.59 ਗੁਣਾਂਕ ਨਾਲ ਪੈਨਸ਼ਨ ਸੋਧਣ, ਹਾਈਕੋਰਟ ਦੇ ਫੈਸਲੇ ਅਨੁਸਾਰ ਪੇਅ ਕਮਿਸ਼ਨ ਤੇ ਡੀ.ਏ ਦੇ ਬਕਾਏ ਯਕਮੁਸ਼ਤ ਦੇਣ, ਮੈਡੀਕਲ ਭੱਤਾ 2 ਹਜ਼ਾਰ ਪ੍ਰਤੀ ਮਹੀਨਾ ਕਰਨ, ਕੈਸ਼ਲੈਸ ਸਕੀਮ ਮੁੜ ਚਾਲੂ ਕਰਨ ਆਦਿ ਦੀ ਮੰਗ ਕੀਤੀ ਗਈ | ਇਸ ਮੌਕੇ ਆਗੂਆਂ ਨੇ ਬੀਤੇ ਦਿਨੀਂ ਬੇਰੁਜ਼ਗਾਰ ਲਾਈਨਮੈਨਾਂ, ਸਾਂਝ ਕੇਂਦਰ ਦੇ ਮੁਲਾਜ਼ਮਾਂ ਤੇ ਆਸ਼ਾ ਵਰਕਰਾਂ ਉੱਪਰ ਹੋਏ ਪੁਲਿਸ ਤਸ਼ੱਦਦ ਦੀ ਪੁਰਜ਼ੋਰ ਨਿਖੇਧੀ ਕੀਤੀ | ਆਗੂਆਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਦਾ ਨਿਪਟਾਰਾ ਜਲਦ ਨਾ ਕੀਤਾ ਤਾਂ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ | ਇਸ ਮੌਕੇ ਸੀਨੀਅਰ ਆਗੂ ਰੂਪ ਸਿੰਘ ਪੱਡਾ, ਨਵਤੇਜ ਸਿੰਘ, ਦੇਸਰਾਜ, ਹਰਦੀਪ ਸਿੰਘ, ਵੀਰ ਸਿੰਘ, ਧੀਰ ਸਿੰਘ ਸਿੱਧੂ, ਇੰਦਰ ਸਿੰਘ, ਮਨਜੀਤ ਸਿੰਘ ਤੇ ਲਖਵਿੰਦਰ ਸਿੰਘ ਆਦਿ ਹਾਜ਼ਰ ਸਨ |