ਦੀਨਾਨਗਰ, 14 ਜੂਨ (ਸੋਢੀ/ਸ਼ਰਮਾ/ਘੁੰਮਣ)-ਸਾਹਿਤ ਸੰਗਮ ਦੀਨਾਨਗਰ ਵਲੋਂ ਪਦਮ-ਸ੍ਰੀ ਡਾ: ਸੁਰਜੀਤ ਪਾਤਰ ਦੀ ਦੂਸਰੀ ਬਰਸੀ ਨੂੰ ਸਮਰਪਿਤ ਵਿਚਾਰ-ਚਰਚਾ ਤੇ ਕਵੀ-ਦਰਬਾਰ ਪ੍ਰਧਾਨ ਮੰਗਤ ਚੰਚਲ ਦੇ ਨਿਵਾਸ ਸਥਾਨ 'ਤੇ ਕਰਵਾਇਆ ਗਿਆ | ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਦੇ ਪ੍ਰਧਾਨ ਡਾ: ਲੇਖ ਰਾਜ, ਸਾਹਿਤ ਸੰਗਮ ਦੀਨਾਨਗਰ ਦੇ ਪ੍ਰਧਾਨ ਮੰਗਤ ਚੰਚਲ ਤੇ ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਦੇ ਸੀਨੀਅਰ ਮੀਤ ਪ੍ਰਧਾਨ ਸੀਤਲ ਸਿੰਘ ਗੁਨੋਪੁਰੀ ਨੇ ਕੀਤੀ | ਪ੍ਰੋਗਰਾਮ ਦਾ ਆਰੰਭ ਜਿੱਥੇ ਸਾਹਿਤ ਸੰਗਮ ਦੇ ਜਨਰਲ ਸਕੱਤਰ ਦਵਿੰਦਰ ਮਗਰਾਲਾ ਵਲੋਂ ਮੈਂਬਰਾਂ ਨੂੰ ਹਾਰਦਿਕ ਜੀ ਆਇਆਂ ਨੂੰ ਆਖਣ ਨਾਲ ਹੋਇਆ, ਉਥੇ ਸੁਰੇਸ਼ਟਾ ਚੰਚਲ ਵਲੋਂ ਡਾ: ਸੁਰਜੀਤ ਪਾਤਰ ਦੀ ਸਮਾਜਕ ਸਰੋਕਾਰਾਂ ਨਾਲ ਭਰਪੂਰ ਗ਼ਜ਼ਲ, 'ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮ੍ਹਾਦਾਨ ਕੀ ਕਹਿਣਗੇ 'ਆਪਣੀ ਸੁਰੀਲੀ ਆਵਾਜ਼ ਵਿਚ ਪੇਸ਼ ਕਰਨ ਨਾਲ ਹੋਇਆ | ਡਾ: ਲੇਖ ਰਾਜ ਨੇ ਪਾਤਰ ਦੀ ਲੇਖਣੀ ਨੂੰ ਸਮਾਜ ਲਈ ਬਹੁਮੁੱਲੀ ਤੇ ਸਦੀਵੀ ਦੱਸਿਆ ਤੇ ਨੌਜਵਾਨਾਂ ਨੂੰ ਸਾਹਿਤ ਨਾਲ ਜੁੜਨ ਲਈ ਪੇ੍ਰਰਨਾ ਕੀਤੀ | ਮੰਗਤ ਚੰਚਲ ਨੇ ਕਿਹਾ ਕਿ ਸੁਰਜੀਤ ਪਾਤਰ ਨਾ ਮਰਿਆ ਹੈ ਅਤੇ ਨਾ ਕਦੇ ਮਰੇਗਾ, ਉਹ ਆਪਣੇ ਵਡਮੁੱਲੇ ਸ਼ਬਦਾਂ ਰਾਹੀਂ ਹਮੇਸ਼ਾ ਸਮਾਜ ਦੇ ਅੰਗ-ਸੰਗ ਰਹੇਗਾ | ਸੀਤਲ ਸਿੰਘ ਗੁਨੋਪੁਰੀ ਨੇ ਸਾਹਿਤ ਨੂੰ ਪ੍ਰਫੁੱਲਿਤ ਕਰਨ ਵਿਚ ਸਾਹਿਤ ਸਭਾਵਾਂ ਦਾ ਯੋਗਦਾਨ ਵਿਸ਼ੇ 'ਤੇ ਵਿਚਾਰ ਪੇਸ਼ ਕੀਤੇ | ਵਿਚਾਰ-ਚਰਚਾ ਵਿਚ ਬਲਬੀਰ ਮਗਰਾਲਾ, ਜੈ ਸਿੰਘ ਸੈਣੀ, ਐੱਸ.ਡੀ. ਓ.ਹੇਮ ਰਾਜ ਅਤੇ ਬਲਦੇਵ ਉਲਫ਼ਤ ਨੇ ਵੀ ਭਾਗ ਲਿਆ | ਇਸ ਮੌਕੇ ਸੁਮਿਤ ਕਸ਼ਯਪ ਨੇ ਨਵੀਂ ਤਕਨੀਕ ਏ.ਆਈ ਦੀ ਸਾਰਥਿਕਤਾ ਬਾਰੇ ਭਰਪੂਰ ਜਾਣਕਾਰੀ ਦਿੱਤੀ | ਇਸ ਮੌਕੇ ਸੀਤਲ ਸਿੰਘ ਗੁਨੋਪੁਰੀ, ਬਲਬੀਰ ਮਗਰਾਲਾ, ਬਲਦੇਵ ਉਲਫ਼ਤ ਅਤੇ ਮੰਗਤ ਚੰਚਲ ਨੇ ਵੀ ਕਲਾਮ ਪੇਸ਼ ਕਰਕੇ ਮਹਿਫ਼ਲ ਨੂੰ ਸਿਖਰ +ਤੇ ਪੁੱਜਾ ਦਿੱਤਾ |