ਘਰੋਟਾ, 14 ਜੂਨ (ਸੰਜੀਵ ਗੁਪਤਾ)-ਚੱਕੀ ਕੰਡੇ ਅਧੀਨ ਪੈਂਦੇ ਪਿੰਡ ਕੋਠੇ ਕੌਂਤਰਪੁਰ ਵਿਚ ਗ੍ਰਾਮ ਪੰਚਾਇਤ ਵਲੋਂ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ | ਪਿੰਡ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਵੱਖ-ਵੱਖ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ | ਜਿਸ ਨਾਲ ਪਿੰਡ ਵਾਸੀਆਂ ਵਿਚ ਖ਼ੁਸ਼ੀ ਦੀ ਲਹਿਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਐਡਵੋਕੇਟ ਰਣਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਸ਼ਮਸ਼ਾਨਘਾਟ ਵਿਚ ਪਾਣੀ ਦੀ ਸਮੱਸਿਆ ਲੰਬੇ ਸਮੇਂ ਤੋਂ ਬਣੀ ਹੋਈ ਸੀ | ਇਸ ਸਮੱਸਿਆ ਦੇ ਹੱਲ ਲਈ ਪੰਚਾਇਤ ਵਲੋਂ ਡੀਪ ਬੋਰ ਕਰਵਾਇਆ ਗਿਆ ਹੈ | ਪਹਿਲਾਂ ਲੋਕਾਂ ਨੂੰ ਆਪਣੀਆਂ ਲੋੜਾਂ ਲਈ ਖੇਤਾਂ ਵਿਚ ਲੱਗੇ ਟਿਊਬਵੈੱਲਾਂ 'ਤੇ ਨਿਰਭਰ ਰਹਿਣਾ ਪੈਂਦਾ ਸੀ, ਪਰ ਹੁਣ ਸ਼ਮਸ਼ਾਨਘਾਟ ਤੇ ਆਸ-ਪਾਸ ਦੇ ਇਲਾਕੇ ਵਿਚ ਪਾਣੀ ਦੀ ਸੁਵਿਧਾ ਉਪਲੱਬਧ ਹੋਣ ਨਾਲ ਵੱਡੀ ਰਾਹਤ ਮਿਲੇਗੀ | ਉਨ੍ਹਾਂ ਦੱਸਿਆ ਕਿ ਪਿੰਡ ਵਿਚ ਪਾਣੀ ਦੇ ਨਿਕਾਸ ਦੀ ਸਮੱਸਿਆ ਵੀ ਗੰਭੀਰ ਸੀ | ਕਈ ਗਲੀਆਂ ਵਿਚ ਮੀਂਹ ਦਾ ਤੇ ਗੰਦਾ ਪਾਣੀ ਖੜ੍ਹਾ ਰਹਿੰਦਾ ਸੀ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ | ਪੰਚਾਇਤ ਵਲੋਂ ਕਰੀਬ 30 ਤੋਂ 35 ਪਾਈਪ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਕੀਤਾ ਗਿਆ ਹੈ | ਜਿਸ ਨਾਲ ਇਸ ਸਮੱਸਿਆ ਦਾ ਹੱਲ ਹੋਵੇਗਾ | ਸਰਪੰਚ ਨੇ ਦੱਸਿਆ ਕਿ ਪਿੰਡ ਦੀ ਅਧੂਰੀ ਫਿਰਨੀ ਦੇ ਨਿਰਮਾਣ ਕਾਰਜ ਵੀ ਜਾਰੀ ਹਨ | ਬਰਸਾਤ ਦੇ ਦਿਨਾਂ ਵਿਚ ਫਿਰਨੀ ਦੀ ਮਾੜੀ ਹਾਲਤ ਕਾਰਨ ਪਿੰਡ ਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਇਸ ਤੋਂ ਇਲਾਵਾ ਪੀਰ ਬਾਬਾ ਗਲੀ ਸਮੇਤ ਤਿੰਨ ਗਲੀਆਂ ਵਿਚ ਵਿਕਾਸ ਕਾਰਜ ਚੱਲ ਰਹੇ ਹਨ, ਜੋ ਜਲਦੀ ਮੁਕੰਮਲ ਕਰ ਲਏ ਜਾਣਗੇ | ਐਡਵੋਕੇਟ ਰਣਜੀਤ ਸਿੰਘ ਨੇ ਕਿਹਾ ਕਿ ਪੰਚਾਇਤ ਦਾ ਮਕਸਦ ਪਿੰਡ ਨੂੰ ਮਾਡਲ ਪਿੰਡ ਵਜੋਂ ਵਿਕਸਿਤ ਕਰਨਾ ਹੈ | ਇਸ ਲਈ ਪਹਿਲ ਦੇ ਆਧਾਰ 'ਤੇ ਬੁਨਿਆਦੀ ਸਮੱਸਿਆਵਾਂ ਦਾ ਹੱਲ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਚਾਇਤ ਵਲੋਂ ਬਿਨ੍ਹਾਂ ਕਿਸੇ ਭੇਦਭਾਵ ਦੇ ਪਿੰਡ ਦੇ ਹਰ ਹਿੱਸੇ ਵਿਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਤਾਂ ਜੋ ਹਰ ਵਸਨੀਕ ਨੂੰ ਬਰਾਬਰ ਸਹੂਲਤਾਂ ਮਿਲ ਸਕਣ |