ਗੁਰਦਾਸਪੁਰ, 18 ਜੂਨ (ਅਸ਼ੋਕ ਸ਼ਰਮਾ)-ਕੇਂਦਰ ਸਰਕਾਰ ਦੇ ਰੇਲਵੇ ਮੰਤਰਾਲੇ ਵਲੋਂ ਅੰਮ੍ਰਿਤਸਰ ਤੋਂ ਕਟੜਾ ਜਾਣ ਵਾਸਤੇ ਵੰਦੇ ਮਾਤਰਮ ਰੇਲਗੱਡੀ ਚਲਾ ਕੇ ਗੁਰਦਾਸਪੁਰ ਇਲਾਕਾ ਵਾਸੀਆਂ ਦੀ ਲੰਬੇ ਸਮੇਂ ਤੋਂ ਮੰਗ ਨੂੰ ਪੂਰਾ ਕੀਤਾ ਗਿਆ ਹੈ। ਇਸ ਰੇਲਗੱਡੀ ਦੇ ਚੱਲਣ ਨਾਲ ਲੋਕਾਂ ’ਚ ਭਾਰੀ ਖੁਸ਼ੀ ਦੀ ਲਹਿਰ ਹੈ। ਇਸ ਰੇਲਗੱਡੀ ਦੇ ਚਲਣ ਨਾਲ ਲਲਿਤ ਕੰਵਲ, ਤਰਸੇਮ ਕੁਮਾਰ, ਨਵਨੀਤ ਕੁਮਾਰ, ਜਤਿਨ ਕੁਮਾਰ, ਮਾਨਕ, ਸਤੀਸ਼ ਕੁਮਾਰ ਗੁਪਤਾ, ਸਚਿਨ ਕੁਮਾਰ, ਨਮਨ ਮਹਾਜਨ, ਛਵੀ ਮਹਾਜਨ ਆਦਿ ਨੇ ਰੇਲ ਮੰਤਰੀ ਦਾ ਧੰਨਵਾਦ ਕੀਤਾ। ਉੁਪਰੋਕਤ ਲੋਕਾਂ ਨੇ ਕੇਂਦਰ ਸਰਕਾਰ ਪਾਸੋਂ ਇਸ ਰੂਟ ’ਤੇ ਹੋਰ ਵੀ ਲੰਬੇ ਰੂਟ ਦੀਆਂ ਰੇਲ ਗੱਡੀਆਂ ਚਲਾਉਣ ਦੀ ਮੰਗ ਕੀਤੀ। ਇਹ ਰੇਲ ਗੱਡੀ ਦੇ ਚੱਲਣ ਨਾਲ ਬਾਰਡਰ ਏਰੀਏ ਦੇ ਕਸਬਾ ਦੋਰਾਂਗਲਾ, ਬਹਿਰਾਮਪੁਰ, ਗਾਹਲੜੀ, ਕਲਾਨੌਰ ਆਦਿ ਅਨੇਕਾਂ ਪਿੰਡਾਂ ਦੇ ਲੋਕਾਂ ਨੂੰ ਲਾਭ ਮਿਲੇਗਾ। ਇਸ ਸਬੰਧੀ ਗੁਰਦਾਸਪੁਰ ਦੇ ਸਟੇਸ਼ਨ ਸੁਪਰਡੈਂਟ ਗੁੰਜਨ ਕੁਮਾਰ ਨੇ ਦੱਸਿਆ ਕਿ ਇਹ ਰੇਲ ਗੱਡੀ ਰੋਜਾਨਾ ਸ਼ਾਮ 4.40 ’ਤੇ ਅੰਮ੍ਰਿਤਸਰ ਤੋਂ ਚੱਲੇਗੀ ਜੋ ਸ਼ਾਮ 5.58 ਵਜੇ ਗੁਰਦਾਸਪੁਰ ਪੁੱਜੇਗੀ, ਜਿੱਥੇ ਦੋ ਮਿੰਟ ਰੁਕ ਕੇ ਇਹ ਦੁਬਾਰਾ 6 ਵਜੇ ਜੰਮੂ-ਕਟੜਾ ਨੂੰ ਰਵਾਨਾ ਹੋ ਜਾਵੇਗੀ ਤੇ ਰਾਤ 8.40 ਵਜੇ ਕਟੜਾ ਪੁੱਜੇਗੀ, ਉਥੋਂ ਵਾਪਸੀ ’ਤੇ ਇਹ ਰੇਲ ਗੱਡੀ 6.40 ’ਤੇ ਸਵੇਰੇ ਕੱਟੜਾ ਤੋਂ ਚਲੇਗੀ ਜੋ ਗੁਰਦਾਸਪੁਰ 10.15 ’ਤੇ ਪਹੁੰਚੇਗੀ ਤੇ 11.40 ’ਤੇ ਅੰਮ੍ਰਿਤਸਰ ਪਹੁੰਚੇਗੀ। ਉਨ੍ਹਾਂ ਦੱਸਿਆ ਕਿ ਰੇਲਗੱਡੀ ’ਚ 16 ਕੋਚ ਹੋਣਗੇ ਤੇ 1000 ਤੋਂ ਵੱਧ ਸਵਾਰੀਆਂ ਇਸ ਵਿਚ ਬੈਠ ਸਕਣਗੀਆਂ। ਉਨ੍ਹਾਂ ਦੱਸਿਆ ਕਿ ਇਸ ਗੱਡੀ ਦਾ ਕਿਰਾਇਆ ਅੰਮ੍ਰਿਤਸਰ ਤੋਂ ਕਟੜਾ ਤੱਕ ਲਗਭਗ 780 ਤੋਂ ਸ਼ੁਰੂ ਹੋ ਕੇ 1040 ਵੱਖ-ਵੱਖ ਸ਼੍ਰੇਣੀਆਂ ਅਨੁਸਾਰ ਹੋਵੇਗਾ। ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੌਜੂਦਾ ਸਮੇਂ ਵਿਚ ਗੁਰਦਾਸਪੁਰ ਤੋਂ ਆਮ ਰੇਲਗੱਡੀ ਦਾ ਕਿਰਾਇਆ 145 ਰੁ. ਤੇ ਬੱਸ ਰਾਹੀਂ ਜੰਮੂ-ਕਟੜਾ ਜਾਣ ਵਾਸਤੇ 300 ਦੇ ਕਰੀਬ ਕਰਾਇਆ ਲੱਗਦਾ ਹੈ। ਪਰ ਵੰਦੇ ਮਾਤਰਮ ਰੇਲਗੱਡੀ ਰਾਹੀਂ ਜਾਣ ਲਈ ਕਰਾਇਆ ਵਧੇਰੇ ਹੈ। ਲੋਕਾਂ ਨੇ ਰੇਲਵੇ ਮੰਤਰੀ ਭਾਰਤ ਸਰਕਾਰ ਪਾਸੋਂ ਮੰਗ ਕੀਤੀ ਕਿ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਜਾਣ ਵਾਸਤੇ ਇਸ ਗੱਡੀ ਦਾ ਕਿਰਾਇਆ ਘੱਟ ਕੀਤਾ ਜਾਵੇ ਅਤੇ ਇਸ ਗੱਡੀ ਵਿਚ ਕੁਝ ਜਨਰਲ ਡੱਬੇ ਲਗਾਏ ਜਾਣ, ਜਿਸ ਨਾਲ ਗਰੀਬ ਸ਼ਰਧਾਲੂ ਤੀਰਥ ਸਥਾਨ ’ਤੇ ਜਾਣ ਲਈ ਘੱਟ ਕਿਰਾਇਆ ਖਰਚ ਕਰਕੇ ਇਸ ਗੱਡੀ ਦਾ ਲਾਭ ਲੈ ਸਕਣ।