ਕਲਾਨੌਰ, 18 ਜੂਨ (ਪੁਰੇਵਾਲ)-ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਦੀ ਧਰਮਪਤਨੀ ਬੀਬੀ ਜਤਿੰਦਰ ਕੌਰ ਰੰਧਾਵਾ ਵਲੋਂ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਪਿੰਡਾਂ ’ਚ ਕਾਂਗਰਸੀ ਵਰਕਰਾਂ ਘਰ ਪਹੁੰਚ ਕੇ ਮੀਟਿੰਗਾਂ ਕੀਤੀਆਂ ਗਈਆਂ। ਇਸ ਤੋਂ ਇਲਾਵਾ ਬੀਬੀ ਰੰਧਾਵਾ ਵਲੋਂ ਕਾਂਗਰਸੀ ਵਰਕਰਾਂ ਦੇ ਦੁੱਖ-ਸੁੱਖ ਦੇ ਸਮਾਗਮਾਂ ’ਚ ਵੀ ਸ਼ਿਰਕਤ ਕੀਤੀ ਗਈ। ਬੀਬੀ ਰੰਧਾਵਾ ਵਲੋਂ ਬਲਾਕ ਕਲਾਨੌਰ ਦੇ ਪਿੰਡ ਖੁਸ਼ੀਪੁਰ, ਸਰਜੇਚੱਕ, ਬਲੀਮ, ਬਰੀਲਾ, ਜੀਓਜੁਲਾਈ, ਡੇਅਰੀਵਾਲ, ਕਲਾਨੌਰ, ਹਕੀਂਮਪੁਰ ਆਦਿ ਪਿੰਡਾਂ ਦੇ ਕਾਂਗਰਸੀ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਉਨ੍ਹਾਂ ਵਰਕਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਜਿਸ ਥਾਂ ’ਤੇ ਨਿਰਪੱਖ ਤੌਰ ’ਤੇ ਸ਼ਹਿਰਾਂ ਦੀਆਂ ਚੋਣਾਂ ਹੋਈਆਂ ਹਨ ਓਥੇ ਕਾਂਗਰਸ ਪਾਰਟੀ ਮਜ਼ਬੂਤੀ ਨਾਲ ਉੱਭਰੀ ਹੈ ਤੇ ਕਾਂਗਰਸੀ ਉਮੀਦਵਾਰਾਂ ਦੀ ਜਿੱਤ ਇਸ ਗੱਲ ਦਾ ਸੰਕੇਤ ਹੈ ਕਿ ਅਗਾਮੀਂ ਸਮੇਂ ’ਚ ਲੋਕ ਕਾਂਗਰਸ ਦੀ ਸਰਕਾਰ ਲਿਆਉਣ ਲਈ ਮਨ ਬਣਾ ਚੁੱਕੇ ਹਨ। ਬੀਬੀ ਰੰਧਾਵਾ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਦੇ ਪਿਛਲੇ ਕਾਰਜਕਾਲ ਦੌਰਾਨ ਪੰਜਾਬ ਵਾਸੀਆਂ ਨੂੰ ਮਿਲੇ ਸ਼ਾਂਤੀਪੂਰਵਕ ਮਹੌਲ ਨੂੰ ਲੋਕ ਅੱਜ ਵੀ ਯਾਦ ਕਰ ਰਹੇ ਹਨ ਕਿਉਂਕਿ ਮੌਜ਼ੂਦਾ ‘ਆਪ’ ਸਰਕਾਰ ਦੇ ਰਾਜ ’ਚ ਵਿਗੜ ਰਹੀ ਲਾਅ ਐਂਡ ਆਰਡਰ ਦੀ ਸਥਿਤੀ ਤੋਂ ਸੂਬੇ ਦੇ ਸ਼ਾਂਤੀ ਪਸੰਦ ਲੋਕ ਚਿੰਤਤ ਹਨ ਤੇ ਲੋਕ ਪਿੰਡਾਂ ’ਚ ‘ਆਪ’ ਦੇ ਵਿਰੋਧ ਵਿਚ ਖੜੇ ਹੋ ਕੇ ਪੰਜਾਬ ਦੀ ਸੱਤਾ ’ਤੇ ਮੁੜ ਕਾਂਗਰਸ ਨੂੰ ਵੇਖਣ ਲਈ ਪਾਰਟੀ ਨਾਲ ਜੁੜ ਰਹੇ ਹਨ। ਬੀਬੀ ਜਤਿੰਦਰ ਕੌਰ ਨੇ ਕਿਹਾ ਕਿ ਸੂਬੇ ’ਚ ਕਾਂਗਰਸ ਦੇ ਹੱਕ ’ਚ ਖੜੀ ਹੋ ਰਹੀ ਲੋਕ ਲਹਿਰ ਅੱਗੇ ਹੁਣ ਬਾਕੀ ਪਾਰਟੀਆਂ ਟਿੱਕ ਨਹੀਂ ਸਕਣਗੀਆਂ। ਬੀਬੀ ਰੰਧਾਵਾ ਨੇ ਕਿਹਾ ਕਿ ਰੰਧਾਵਾ ਪਰਿਵਾਰ ਦੀ ਫ਼ਿਤਰਤ ਹੈ ਕਿ ਉਹ ਆਪਣੇ ਵਰਕਰਾਂ ਨੂੰ ਪਰਿਵਾਰ ਦਾ ਅੰਗ ਸਮਝਦੇ ਹਨ, ਜਿਸ ਲਈ ਉਹ ਵਰਕਰਾਂ ਦੇ ਹਰੇਕ ਦੁੱਖ-ਸੁੱਖ ਦੇ ਸਮਾਗਮਾਂ ’ਚ ਸ਼ਾਮਲ ਹੋਣਾ ਆਪਣਾ ਫਰਜ਼ ਸਮਝਦੇ ਹਨ। ਇਸ ਮੌਕੇ ’ਤੇ ਸਾ. ਉਪ ਚੇਅਰਮੈਨ ਡੈਨੀਅਲ ਮਸੀਹ, ਮਨਿੰਦਰ ਸਿੰਘ ਮੰਨੂੰ ਸਰਜੇਚੱਕ, ਸਾ. ਸਰਪੰਚ ਰਣਜੀਤ ਸਿੰਘ, ਨੰਬਰਦਾਰ ਧਰਮਿੰਦਰਜੀਤ ਸਿੰਘ ਕੰਗ, ਰਜਨੀਸ਼ ਸ਼ਰਮਾ ਨੋਨੀ, ਰਾਜੇਸ਼ ਸੱਚਰ ਟੋਨੀ, ਅਵਤਾਰ ਸਿੰਘ ਲਾਡੀ ਹਕੀਮਪੁਰ, ਗੁਰਮੁੱਖ ਸਿੰਘ ਬਲੀਮ, ਨਿਰਮਲ ਸਿੰਘ ਭੰਗੂ, ਜਸਵੰਤ ਸਿੰਘ ਭੰਗੂ, ਮਨਦੀਪ ਸਿੰਘ, ਪਵਿੱਤਰਜੀਤ ਸਿੰਘ, ਦਵਿੰਦਰ ਸਿੰਘ ਸਮੇਤ ਹੋਰ ਕਾਂਗਰਸੀ ਵੀ ਹਾਜ਼ਰ ਰਹੇ।