ਪਠਾਨਕੋਟ, 19 ਜੂਨ (ਸੁਮਿਤ)-ਸ਼ਹਿਰ ਦੇ ਵਾਰਡ ਨੰਬਰ-4 ਵਿਚ ਬਿਜਲੀ ਪ੍ਰਬੰਧ ਨੂੰ ਮਜ਼ਬੂਤ ਕਰਨ ਲਈ ਇਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਵਾਰਡ ਦੀ ਕੌਂਸਲਰ ਪ੍ਰਿਆ ਵਡੈਰਾ ਦੇ ਪਤੀ ਤੇ ਸਮਾਜਸੇਵੀ ਗੌਰਵ ਵਡੈਰਾ ਵਲੋਂ ਸ਼ਿਮਲਾ ਪਹਾੜੀ ਨੇੜੇ 200 ਕਿੱਲੋਵਾਟ ਸਮਰੱਥਾ ਵਾਲੇ ਨਵੇਂ ਬਿਜਲੀ ਟਰਾਂਸਫਾਰਮਰ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ। ਇਸ ਵਿਕਾਸ ਕਾਰਜ ਦੇ ਸ਼ੁਰੂ ਹੋਣ ਨਾਲ ਇਲਾਕਾ ਨਿਵਾਸੀਆਂ ਵਿਚ ਖੁਸ਼ੀ ਦੀ ਲਹਿਰ ਹੈ। ਗੌਰਵ ਵਡੈਰਾ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਨੂੰ ਲੰਬੇ ਸਮੇਂ ਤੋਂ ਘੱਟ ਵੋਲਟੇਜ ਅਤੇ ਵਾਰ-ਵਾਰ ਬਿਜਲੀ ਬੰਦ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਗਰਮੀਆਂ ਦੇ ਮੌਸਮ ਦੌਰਾਨ ਬਿਜਲੀ ਦੀ ਵਧਦੀ ਮੰਗ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵੀ ਵੱਧ ਜਾਂਦੀਆਂ ਸਨ। ਸਥਾਕ ਵਸਨੀਕਾਂ ਵਲੋਂ ਇਹ ਮਸਲਾ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਸੀ, ਜਿਸ ਤੋਂ ਬਾਅਦ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਕਰਕੇ ਇਸ ਟਰਾਂਸਫਾਰਮਰ ਦੀ ਮਨਜ਼ੂਰੀ ਹਾਸਲ ਕੀਤੀ ਗਈ। ਉਨ੍ਹਾਂ ਕਿਹਾ ਕਿ ਨਵੇਂ 200 ਕਿੱਲੋਵਾਟ ਟਰਾਂਸਫਾਰਮਰ ਦੇ ਲੱਗਣ ਨਾਲ ਇਲਾਕੇ ਵਿਚ ਬਿਜਲੀ ਸਪਲਾਈ ਪਹਿਲਾਂ ਨਾਲੋਂ ਵਧੇਰੇ ਸੁਚਾਰੂ ਤੇ ਬਿਹਤਰ ਹੋਵੇਗੀ। ਇਸ ਨਾਲ ਘੱਟ ਵੋਲਟੇਜ ਦੀ ਸਮੱਸਿਆ ਦੂਰ ਹੋਣ ਦੇ ਨਾਲ-ਨਾਲ ਬਿਜਲੀ ਕੱਟਾਂ ਵਿਚ ਵੀ ਕਮੀ ਆਵੇਗੀ ਅਤੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਸਥਾਕ ਲੋਕਾਂ ਨੇ ਇਸ ਕਾਰਜ ਲਈ ਪ੍ਰਿਆ ਵਡੈਰਾ ਅਤੇ ਗੌਰਵ ਵਡੈਰਾ ਦਾ ਧੰਨਵਾਦ ਕੀਤਾ।