ਪਠਾਨਕੋਟ, 24 ਜੂਨ (ਸੰਧੂ)-ਪਠਾਨਕੋਟ ਕਰਿਆਨਾ ਐਸੋਸੀਏਸ਼ਨ ਦੀ ਮੀਟਿੰਗ ਸੰਸਥਾਪਿਕ ਪ੍ਰਧਾਨ ਕੁਲਦੀਪ ਸਿੰਘ, ਚੇਅਰਮੈਨ ਰਾਜੇਸ਼ ਮਹਾਜਨ, ਜਰਨਲ ਸਕੱਤਰ ਮਦਨ ਲਾਲ ਅਤੇ ਕੈਸ਼ੀਅਰ ਅਜੈ ਮਹਾਜਨ ਦੀ ਹਾਜ਼ਰੀ ਵਿਚ ਹੋਈ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਐਸੋਸੀਏਸ਼ਨ ਅਧੀਨ ਆਉਣ ਵਾਲੀਆਂ ਸਾਰੀਆਂ ਕਰਿਆਨਾ ਦੁਕਾਨਾਂ 26, 27 ਅਤੇ 28 ਜੂਨ ਨੂੰ ਬੰਦ ਰਹਿਣਗੀਆਂ। ਜਰਨਲ ਸਕੱਤਰ ਮਦਨ ਲਾਲ ਨੇ ਦੱਸਿਆ ਕਿ ਇਸ ਦੌਰਾਨ ਵਪਾਰੀ ਆਪਣੇ ਪਰਿਵਾਰਾਂ ਨਾਲ ਸਮਾਂ ਬਿਤਾਉਣ ਲਈ ਸ਼ਹਿਰ ਤੋਂ ਬਾਹਰ ਜਾਣਗੇ। ਐਸੋਸੀਏਸ਼ਨ ਦੇ ਸੰਸਥਾਪਿਕ ਪ੍ਰਧਾਨ ਕੁਲਦੀਪ ਸਿੰਘ ਅਤੇ ਚੇਅਰਮੈਨ ਰਾਜੇਸ਼ ਮਹਾਜਨ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਛੁੱਟੀਆਂ ਦੌਰਾਨ ਬਾਜ਼ਾਰਾਂ ਅਤੇ ਦੁਕਾਨਾਂ ਦੀ ਸੁਰੱਖਿਆ ਲਈ ਦਿਨ-ਰਾਤ ਪੁਲਿਸ ਗਸ਼ਤ ਵਧਾਈ ਜਾਵੇ ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਾਅ ਹੋ ਸਕੇ। ਮੀਟਿੰਗ ਵਿਚ ਵਪਾਰੀਆਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਬਾਹਰ ਜਾਣ ਤੋਂ ਪਹਿਲਾਂ ਆਪਣੀਆਂ ਦੁਕਾਨਾਂ ਅਤੇ ਘਰਾਂ ਦੀ ਸੁਰੱਖਿਆ ਦੇ ਪੂਰੇ ਪ੍ਰਬੰਧ ਯਕੀਨੀ ਬਣਾਉਣ। ਅੰਤ ਵਿਚ ਜਨਰਲ ਸਕੱਤਰ ਮਦਨ ਲਾਲ ਨੇ ਸਮੂਹ ਵਪਾਰੀਆਂ ਨੂੰ ਐਸੋਸੀਏਸ਼ਨ ਦਾ ਸਹਿਯੋਗ ਕਰਨ ਅਤੇ ਜਥੇਬੰਦੀ ਨੂੰ ਹੋਰ ਮਜ਼ਬੂਤ ਬਣਾਉਣ ਦੀ ਅਪੀਲ ਕੀਤੀ।