ਊਧਨਵਾਲ, ਘੁਮਾਣ, 25 ਜੂਨ (ਪਰਗਟ ਸਿੰਘ, ਬੰਮਰਾਹ)-ਫੈਸ਼ਨ ਸਟੋਰ ਮਾਲਕ ਦੇ ਘਰ ’ਤੇ ਚਲਾਈਆਂ ਗੋਲੀਆਂ ਦੇ ਮਾਮਲੇ ਵਿਚ 2 ਮੁੱਖ ਦੋਸ਼ੀਆਂ ਨੂੰ ਪੁਲਿਸ ਨੇ ਮੁਕਾਬਲੇ ਦੌਰਾਨ ਗ੍ਰਿਫਤਾਰ ਕਰ ਲਿਆ, ਜਦਕਿ ਹਥਿਆਰ ਬਰਾਮਦਗੀ ਮੌਕੇ ਇਕ ਦੋਸ਼ੀ ਵਲੋਂ ਪੁਲਿਸ ’ਤੇ ਚਲਾਈਆਂ ਗੋਲੀਆਂ ਤੋਂ ਬਾਅਦ ਜਵਾਬੀ ਕਾਰਵਾਈ ਵਿਚ ਉਸ ਦੇ ਪੈਰ ਵਿਚ ਗੋਲੀ ਲੱਗੀ ਹੈ। ਘਟਨਾ ਸਥਾਨ ’ਤੇ ਪਹੁੰਚੇ ਐਸ.ਐਸ.ਪੀ. ਬਟਾਲਾ ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ 2 ਦਿਨ ਪਹਿਲਾਂ ਬਟਾਲਾ ’ਚ ਇਕ ਫੈਸ਼ਨ ਸਟੋਰ ਦੇ ਮਾਲਕ ਦੇ ਘਰ ’ਤੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਸਬੰਧੀ ਥਾਣਾ ਸਿਵਲ ਲਾਈਨ ਵਿਚ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਜਾਂਚ ਕਰਦਿਆਂ ਐਸ.ਪੀ. (ਇਨਵੈਸਟੀਗੇਸ਼ਨ) ਰਮਨਦੀਪ ਸਿੰਘ, ਡੀਐਸਪੀ ਸਿਟੀ, ਡੀਐਸਪੀ ਸ੍ਰੀ ਹਰਗੋਬਿੰਦਪੁਰ ਸਾਹਿਬ, ਸੀਆਈਏ ਸਟਾਫ਼ ਅਤੇ ਐਸਐਚਓ ਸਿਵਲ ਲਾਈਨ ਦੀਆਂ ਟੀਮਾਂ ਨੇ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਬਲਦੇਵ ਸਿੰਘ ਉਰਫ਼ ਕਰਨ ਅਤੇ ਖਜਾਨ ਸਿੰਘ ਵਾਸੀ ਖੁਜਾਲਾ ਵਜੋਂ ਹੋਈ ਹੈ। ਐਸਐਸਪੀ ਨੇ ਦੱਸਿਆ ਕਿ ਇਸ ਵਾਰਦਾਤ ਵਿਚ ਕੁੱਲ ਪੰਜ ਵਿਅਕਤੀ ਸ਼ਾਮਲ ਸਨ ਅਤੇ ਸਾਰੇ ਦੋਸ਼ੀਆਂ ਦੀ ਪਛਾਣ ਕਰ ਕੇ 2 ਨੂੰ ਕਾਬੂ ਕਰ ਲਿਆ ਗਿਆ ਹੈ, ਜਦਕਿ ਬਾਕੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਬਲਦੇਵ ਸਿੰਘ ਉਰਫ਼ ਕਰਨ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਪਿੰਡ ਢੰਡੇ ਮਨੇਸ ਨਹਿਰ ਉੱਪਰ ਲਿਜਾਇਆ ਗਿਆ ਸੀ। ਇਸ ਦੌਰਾਨ ਦੋਸ਼ੀ ਨੇ ਮੌਕੇ ਦਾ ਫਾਇਦਾ ਚੁੱਕਦਿਆਂ ਪੁਲਿਸ ਪਾਰਟੀ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਵਲੋਂ ਕੀਤੀ ਜਵਾਬੀ ਕਾਰਵਾਈ ਵਿਚ ਦੋਸ਼ੀ ਦੇ ਪੈਰ ਵਿਚ ਗੋਲੀ ਲੱਗੀ ਅਤੇ ਦੋ ਗੋਲੀਆਂ ਦੇ ਖੋਲ ਵੀ ਮਿਲੇ। ਜ਼ਖ਼ਮੀ ਦੋਸ਼ੀ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਐਸਐਸਪੀ ਡਾ. ਮਹਿਤਾਬ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਬਲਦੇਵ ਸਿੰਘ ਦੇ ਪਿਤਾ ਚਾਂਦ ਸਿੰਘ ਨੇ ਦੱਸਿਆ ਕਿ ਅਸੀਂ ਮਿਹਨਤ ਮਜ਼ਦੂਰੀ ਕਰ ਕੇ ਖਾਣ ਵਾਲੇ ਵਿਅਕਤੀ ਹਾਂ। ਕੱਲ੍ਹ ਪੁਲਿਸ ਦੀਆਂ ਤਿੰਨ-ਚਾਰ ਗੱਡੀਆਂ ਆਈਆਂ ਅਤੇ ਮੇਰੇ ਪੁੱਤਰ ਨੂੰ ਲੈ ਗਈਆਂ। ਚਾਂਦ ਸਿੰਘ ਨੇ ਕਿਹਾ ਕਿ ਮੈਨੂੰ ਪਤਾ ਲੱਗਾ ਕਿ ਮੇਰੇ ਪੁੱਤਰ ਨੂੰ ਇਥੇ ਨਹਿਰ ਕੰਢੇ ਗੋਲੀਆਂ ਮਾਰੀਆਂ ਹਨ, ਜਿਸ ’ਤੇ ਮੈਂ ਮੌਕੇ ’ਤੇ ਦੇਖਣ ਆਇਆ ਹੋਇਆ ਹਾਂ, ਪਰ ਇਥੇ ਨਹੀਂ ਮਿਲਿਆ।