ਬਟਾਲਾ, 25 ਜੂਨ (ਸਤਿੰਦਰ ਸਿੰਘ) ਨਗਰ ਨਿਗਮ ਬਟਾਲਾ ਦੇ ਨਜ਼ਦੀਕ ਮਹਾਰਾਜਾ ਮਾਰਕੀਟ ਦੇ ਨੇੜੇ ਸੜਕ ’ਤੇ ਸੀਵਰੇਜ ਦਾ ਢੱਕਣ ਟੁੱਟਾ ਪਿਆ ਹੈ ਜੋ ਕਿ ਨਿੱਤ ਦਿਨ ਹਾਦਸਿਆ ਨੂੰ ਸੱਦਾ ਦੇ ਰਿਹਾ ਹੈ ਪ੍ਰੰਤੂ ਨਗਰ ਨਿਗਮ ਦਾ ਇਸ ਪਾਸੇ ਧਿਆਨ ਨਹੀਂ ਹੈ।ਜਿਸ ਕਰਕੇ ਮਾਰਕਿਟ ਦੁਕਾਨਦਾਰਾਂ ਤੇ ਰਾਹਗੀਰਾਂ ਵਿਚ ਨਗਰ ਨਿਗਮ ਦੇ ਪ੍ਰਤੀ ਭਾਰੀ ਰੋਸ ਹੈ। ਮਹਾਰਾਜਾ ਮਾਰਕਿਟ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਸੜਕ ਤੋਂ ਸੈਂਕੜੇ ਵਾਹਨਾ ’ਤੇ ਰਾਹਗੀਰਾਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਹੈ, ਕਈ ਵਾਰ ਦੋ ਪਹੀਆ ਵਾਹਨ ਤੇ ਰਾਹਗੀਰ ਇਸ ਟੁੱਟੇ ਸੀਵਰੇਜ ਵਿਚ ਡਿੱਗਣ ਕਾਰਨ ਜ਼ਖ਼ਮੀ ਵੀ ਹੋ ਚੁੱਕੇ ਹਨ ਤੇ ਵਾਹਨਾਂ ਦਾ ਭਾਰੀ ਨੁਕਸਾਨ ਹੁੰਦਾ ਹੈ। ਬਾਰਿਸ਼ੀ ਦਿਨਾਂ ਵਿਚ ਇਹ ਸੀਵਰੇਜ ਪੂਰੀ ਤਰ੍ਹਾਂ ਡੁੱਬ ਜਾਂਦਾ ਹੈ ਜਿਸ ਨਾਲ ਅਕਸਰ ਹਾਦਸੇ ਹੁੰਦੇ ਰਹਿੰਦੇ ਹਨ। ਹੈਰਾਨੀ ਵਾਲੀ ਗੱਲ ਹੈ ਕਿ ਮਹਾਰਾਜਾ ਮਾਰਕੀਟ ’ਚ ਸੀਵਰੇਜ ਦਾ ਟੁੱਟੇ ਢੱਕਣ ਨਗਰ ਨਿਗਮ ਬਟਾਲਾ ਦੇ ਨਜ਼ਦੀਕ ਹੋਣ ਦੇ ਬਾਵਜੂਦ ਵੀ ਅਧਿਕਾਰੀਆਂ ਦਾ ਇਸ ਪਾਸੇ ਧਿਆਨ ਨਹੀ ਗਿਆ। ਉਨ੍ਹਾਂ ਨਗਰ ਨਿਗਮ ਕਮਿਸ਼ਨਰ ਤੇ ਮੇਅਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਸ ਸੀਵਰੇਜ ’ਤੇ ਨਵਾਂ ਢੱਕਣ ਲਗਾਇਆ ਜਾਵੇ ਤਾਂ ਕਿ ਹਾਦਸਿਆ ’ਤੇ ਰੋਕ ਲੱਗ ਸਕੇ।