ਡੇਰਾ ਬਾਬਾ ਨਾਨਕ, 1 ਜੁਲਾਈ (ਹੀਰਾ ਸਿੰਘ ਮਾਂਗਟ)-ਆਉਣ ਵਾਲੇ ਦਿਨਾਂ ’ਚ ਹੋਣ ਵਾਲੀਆਂ ਬਰਸਾਤਾਂ ਨੂੰ ਦੇਖਦੇ ਹੋਏ ਹੜ੍ਹਾਂ ਦੇ ਪ੍ਰਬੰਧਾਂ ਨੂੰ ਲੈ ਕੇ ਅੱਜ ਸਬ ਡਵੀਜ਼ਨ ਡੇਰਾ ਬਾਬਾ ਨਾਨਕ ਦੇ ਐਸ.ਡੀ.ਐਮ. ਲਛਮਣ ਸਿੰਘ ਵਲੋਂ ਅੱਜ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀਆਂ ਨਾਲ ਇਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਮੌਕੇ ਉਨ੍ਹਾਂ ਵਲੋਂ ਹੜ੍ਹਾਂ ਦੇ ਪ੍ਰਬੰਧਾਂ ਨੂੰ ਲੈ ਕੇ ਅੱਜ ਵੱਖ-ਵੱਖ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸ ਮੌਕੇ ਐਸਡੀਐਮ ਲਛਮਣ ਸਿੰਘ ਨੇ ਦੱਸਿਆ ਕਿ ਬੀਤੇ ਸਾਲ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਆਏ ਹੜ੍ਹਾਂ ਨੂੰ ਲੈ ਕੇ ਜਿੱਥੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ ਤੇ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਸੀ। ਇਸ ਆਫ਼ਤ ਨੂੰ ਲੈ ਕੇ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਇਨ੍ਹਾਂ ਹੜਾਂ ਦੇ ਅਗਾਊ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਿਵਲ ਤੇ ਪੁਲਿਸ ਪ੍ਰਸ਼ਾਸਨ, ਸਿਹਤ ਵਿਭਾਗ, ਫੂਡ ਸਪਲਾਈ, ਵੈਟਰਨਰੀ, ਮਾਲ ਤੇ ਸਿੱਖਿਆ ਵਿਭਾਗ ਸਮੇਤ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀਆਂ ਨਾਲ ਅੱਜ ਅਹਿਮ ਮੀਟਿੰਗ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਹੜਾਂ ਵਰਗੇ ਹਾਲਾਤਾਂ ਨਾਲ ਨਜਿੱਠਣ ਲਈ ਅਗਾਊ ਪ੍ਰਬੰਧ ਕਰਨ ਵਾਸਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅਜੇ ਹੜ੍ਹਾਂ ਵਰਗੇ ਕੋਈ ਹਾਲਾਤ ਨਹੀਂ, ਪਰ ਫਿਰ ਵੀ ਪ੍ਰਸ਼ਾਸਨ ਵਲੋਂ ਇਨ੍ਹਾਂ ਹਾਲਾਤਾਂ ਨਾਲ ਨਜਿੱਠਣ ਲਈ ਸਾਰੇ ਪ੍ਰਬੰਧ ਪਹਿਲਾਂ ਕੀਤੇ ਜਾ ਰਹੇ ਹਨ। ਇਸ ਮੌਕੇ ਨਾਇਬ ਤਹਿਸੀਲਦਾਰ ਕੁਲਵੰਤ ਸਿੰਘ, ਬਲਾਕ ਵਿਕਾਸ ਦੇ ਪੰਚਾਇਤ ਅਫਸਰ ਸੁਰਜੀਤ ਸਿੰਘ, ਕਾਰਜ ਸਾਧਕ ਅਫਸਰ ਰਜੇਸ਼ ਕੁਮਾਰ ਸ਼ਰਮਾ, ਸਰਬਜੀਤ ਸਿੰਘ ਰੀਡਰ ਤਹਿਸੀਲਦਾਰ, ਕਾਨੂੰਗੋ ਜਸਵੰਤ ਸਿੰਘ ਦਾਲਮ, ਕਾਨੂੰਗੋ ਅਸ਼ੋਕ ਕੁਮਾਰ, ਇੰਦਰਜੀਤ ਸਿੰਘ ਰੀਡਰ ਐਸਡੀਐਮ, ਪੰਚਾਇਤ ਸਕੱਤਰ ਨਰਿੰਦਰ ਸਿੰਘ ਆਦਿ ਹਾਜ਼ਰ ਸਨ।