ਪਠਾਨਕੋਟ, 4 ਜੁਲਾਈ (ਸੰਧੂ)-ਡਾਕਟਰਜ਼ ਡੇ ਮੌਕੇ ’ਤੇ ਨੈਸ਼ਨਲ ਇੰਟੀਗ੍ਰੇਟਿਡ ਮੈਡੀਕਲ ਐਸੋਸੀਏਸ਼ਨ (ਨੀਮਾ) ਪਠਾਨਕੋਟ ਵਲੋਂ ਬਲੱਡ ਡੋਨਰਜ਼ ਪਠਾਨਕੋਟ ਅਤੇ ਲਾਇਨਜ਼ ਕਲੱਬ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਸਿੰਘ ਸਭਾ ਮਾਡਲ ਟਾਊਨ ਵਿਖੇ ਸਵੈ-ਇੱਛਾ ਖੂਨਦਾਨ ਕੈਂਪ ਲਗਾਇਆ ਗਿਆ । ਕੈਂਪ ਦੌਰਾਨ ਨੌਜਵਾਨਾਂ, ਸਮਾਜ ਸੇਵੀ ਸੰਸਥਾਵਾਂ ਅਤੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਹਿੱਸਾ ਲੈਂਦਿਆਂ ਕਰੀਬ 70 ਯੂਨਿਟ ਖੂਨਦਾਨ ਕੀਤਾ। ਇਸ ਮੌਕੇ ਨੀਮਾ ਪਠਾਨਕੋਟ ਦੇ ਪ੍ਰਧਾਨ ਡਾ: ਪਰਵੇਸ਼ ਸ਼ਰਮਾ ਨੇ ਕਿਹਾ ਕਿ ਖੂਨਦਾਨ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ। ਉਨ੍ਹਾਂ ਕਿਹਾ ਕਿ ਹਰ ਤੰਦਰੁਸਤ ਵਿਅਕਤੀ ਨਿਯਮਿਤ ਅੰਤਰਾਲ ਬਾਅਦ ਸੁਰੱਖਿਅਤ ਢੰਗ ਨਾਲ ਖੂਨਦਾਨ ਕਰ ਸਕਦਾ ਹੈ। ਡਾ: ਸ਼ਰਮਾ ਨੇ ਸਮਾਜ ਦੇ ਸਾਰੇ ਤੰਦਰੁਸਤ ਨਾਗਰਿਕਾਂ, ਖਾਸ ਕਰਕੇ ਨੌਜਵਾਨਾਂ ਨੂੰ ਸਵੈ-ਇੱਛਾ ਨਾਲ ਨਿਯਮਿਤ ਖੂਨਦਾਤਾ ਬਣਨ ਦੀ ਅਪੀਲ ਕੀਤੀ। ਉਨ੍ਹਾਂ ਖੂਨਦਾਨ ਕੈਂਪ ਨੂੰ ਸਫਲ ਬਣਾਉਣ ਲਈ ਬਲੱਡ ਡੋਨਰਜ, ਲਾਇਨਜ਼ ਕਲੱਬ, ਗੁਰਦੁਆਰਾ ਸ੍ਰੀ ਸਿੰਘ ਸਭਾ ਪ੍ਰਬੰਧਕ ਕਮੇਟੀ, ਸਾਰੇ ਸਵੈ-ਇੱਛੁਕ ਖੂਨਦਾਤਾਵਾਂ ਅਤੇ ਨੀਮਾ ਪਠਾਨਕੋਟ ਦੇ ਮੈਂਬਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਡਾ: ਪ੍ਰਦੀਪ ਅਰੋੜਾ, ਡਾ: ਮਨਪ੍ਰੀਤ ਸਿੰਘ, ਡਾ: ਕਮਲ ਲੂਥਰਾ, ਡਾ: ਜੈਦੇਵ, ਡਾ: ਸੰਜੀਵ ਮਹਾਜਨ, ਡਾ: ਅਸ਼ਵਨੀ ਆਨੰਦ, ਡਾ: ਜਸਰੋਟੀਆ, ਡਾ: ਕਮਲ ਸ਼ਰਮਾ, ਲਾਇਨਜ਼ ਕਲੱਬ ਦੇ ਪ੍ਰਧਾਨ ਡਾ: ਤਰਸੇਮ ਸਿੰਘ, ਬਲੱਡ ਡੋਨਰਜ਼ ਤੋਂ ਕ੍ਰਿਸ਼ਨ ਕੁਮਾਰ, ਰਵਨੀਤ ਸਿੰਘ ਅਤੇ ਨੀਮਾ ਪਠਾਨਕੋਟ ਦੇ ਹੋਰ ਮੈਂਬਰ ਹਾਜ਼ਰ ਸਨ।