ਧਾਰਕਲਾਂ, 7 ਜੁਲਾਈ (ਨਰੇਸ਼ ਪਠਾਨੀਆ)-ਕੱਲ੍ਹ ਰਣਜੀਤ ਸਾਗਰ ਡੈਮ ਪ੍ਰੋਜੈਕਟ ਕਾਰਨ ਉਜਾੜੇ ਗਏ ਡੈਮ ਔਸਤੀ ਪਰਿਵਾਰਾਂ ਨੇ ਡੈਮ ਪ੍ਰੋਜੈਕਟ ਦੇ ਮੁੱਖ ਇੰਜੀਨੀਅਰ ਦੇ ਦਫ਼ਤਰ ਦੇ ਬਾਹਰ ਆਪਣੇ ਪਰਿਵਾਰਾਂ ਲਈ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਸੀ ਤੇ ਬਾਅਦ ਵਿਚ ਉਨ੍ਹਾਂ ਦਾ ਇਕ ਵਫ਼ਦ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਸੁਜਾਨਪੁਰ ਹਲਕਾ ਇੰਚਾਰਜ ਡਾ: ਸਵਰਨ ਸਿੰਘ ਸਲਾਰੀਆ ਨੂੰ ਮਿਲਿਆ। ਡੈਮ ਔਸਤੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਹਲਕਾ ਇੰਚਾਰਜ ਡਾ: ਸਵਰਨ ਸਿੰਘ ਸਲਾਰੀਆ ਆਮ ਆਦਮੀ ਪਾਰਟੀ ਦੇ ਸੂਬਾਈ ਉਪ ਪ੍ਰਧਾਨ ਅਤੇ ਪੰਜਾਬ ਰਾਜਪੂਤ ਕਲਿਆਣ ਬੋਰਡ ਦੇ ਚੇਅਰਮੈਨ, ਹਲਕਾ ਸੰਗਠਨ ਇੰਚਾਰਜ ਡਾ: ਅਨਿਲ ਭਾਰਦਵਾਜ, ਪੰਜਾਬ ਵਪਾਰ ਬੋਰਡ ਦੇ ਮਾਝਾ ਜ਼ੋਨ ਦੇ ਸਕੱਤਰ ਸਰਪੰਚ ਧਰਮਿੰਦਰ ਸਿੰਘ ਸ਼ੇਰੂ ਤੇ ਹੋਰ ਅਧਿਕਾਰੀਆਂ ਨੇ ਆਰ.ਐਸ.ਡੀ. ਦੇ ਮੁੱਖ ਇੰਜੀਨੀਅਰ ਵਿਜੇ ਗਰਗ ਨਾਲ ਮੁਲਾਕਾਤ ਕੀਤੀ। ਹਲਕਾ ਇੰਚਾਰਜ ਸਵਰਨ ਸਿੰਘ ਸਲਾਰੀਆ ਨੇ ਮੁੱਖ ਇੰਜੀਨੀਅਰ ਨੂੰ ਦੱਸਿਆ ਕਿ ਰਣਜੀਤ ਸਾਗਰ ਡੈਮ ਪ੍ਰੋਜੈਕਟ ਦੇ ਨਿਰਮਾਣ ਦੌਰਾਨ 769 ਪਰਿਵਾਰਾਂ ਨੂੰ ਵਿਸਥਾਪਿਤ ਮੰਨਿਆ ਗਿਆ ਸੀ ਤੇ ਉਨ੍ਹਾਂ ਵਿਚੋਂ 501 ਦੇ ਪ੍ਰਤੀ ਪਰਿਵਾਰ ਦੇ ਇਕ ਮੈਂਬਰ ਨੂੰ ਹੀ ਨੌਕਰੀ ਦਿੱਤੀ ਗਈ ਸੀ। ਇੰਜੀਨੀਅਰ ਵਿਜੇ ਗਰਗ ਨੇ ਹਲਕਾ ਇੰਚਾਰਜ ਸਵਰਨ ਸਲਾਰੀਆ ਤੇ ਬਾਕੀ ਵਫਦ ਨੂੰ ਭਰੋਸਾ ਦਿੱਤਾ ਕਿ ਉਹ ਜਲਦ ਆਰ.ਐਸ.ਡੀ. ਡੈਮ ਪ੍ਰੋਜੈਕਟ ਦੇ ਬਾਕੀ ਰਹਿੰਦੇ ਪਰਿਵਾਰਾਂ ਦੀ ਗਹਿਰਾਈ ਨਾਲ ਜਾਂਚ ਕਰਨਗੇ ਤੇ ਉਨ੍ਹਾਂ ਦੇ ਰੁਜ਼ਗਾਰ ਲਈ ਵਿਭਾਗ ਨੂੰ ਸ਼ਿਫਾਰਸ ਕਰਨਗੇ। ਇਸ ਮੌਕੇ ਆਰ.ਐਸ.ਡੀ. ਔਸਤੀ ਯੂਨੀਅਨ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਸੁਰਜੀਤ ਸਿੰਘ, ਯੋਗੇਸ਼ ਸ਼ਰਮਾ, ਗਣੇਸ਼ ਕੁਮਾਰ, ਮਨੋਹਰ ਸਿੰਘ, ਜਸਵੰਤ ਸਿੰਘ ਅਤੇ ਹੋਰ ਕਈ ਡੈਮ ਔਸਤੀ ਪਰਿਵਾਰ ਮੌਜੂਦ ਸਨ।