ਕਾਹਨੂੰਵਾਨ, 9 ਜੁਲਾਈ (ਨਿਸ਼ਾਨ ਸਿੰਘ ਚਾਹਲ)-ਸਿਵਲ ਸਰਜਨ ਗੁਰਦਾਸਪੁਰ ਡਾ. ਮਹੇਸ਼ ਕੁਮਾਰ ਪ੍ਰਭਾਕਰ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਭਰ ਵਿੱਚ ਡੇਂਗੂ ਤੇ ਹੋਰ ਵੈਕਟਰ-ਬੋਰਨ ਬੀਮਾਰੀਆਂ ਦੀ ਰੋਕਥਾਮ ਲਈ ਹਰ ਸ਼ੁੱਕਰਵਾਰ, ਡਰਾਈ ਡੇਅ ਮੁਹਿੰਮ ਦੇ ਤਹਿਤ ਇੱਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ। ਐਸ.ਐਮ.ਓ. ਕਾਹਨੂੰਵਾਨ ਡਾ. ਅੰਕੁਰ ਕੌਸ਼ਲ ਦੀ ਅਗਵਾਈ ਹੇਠ ਸਿਹਤ ਵਿਭਾਗ ਦੀਆਂ 12 ਟੀਮਾਂ ਵਲੋਂ ਏਰੀਏ ਅੰਦਰ ਘਰ ਘਰ ਜਾ ਕੇ ਲੋਕਾਂ ਨੂੰ ਡੇਂਗੂ ਤੋਂ ਬਚਾਓ ਬਾਰੇ ਦੱਸਿਆ ਤੇ ਲਾਰਵੇ ਨੂੰ ਮੌਕੇ ’ਤੇ ਹੀ ਨਸ਼ਟ ਕੀਤਾ ਗਿਆ। ਇਸ ਦੌਰਾਨ ਪਿੰਡ ਵਿਚ ਕੋਈ ਵੀ ਡੇਂਗੂ ਪੀੜ੍ਹਤ ਮਰੀਜ ਨਹੀਂ ਮਿਲਿਆ। ਸਿਹਤ ਵਿਭਾਗ ਦੀਆਂ ਐਂਟੀ-ਲਾਰਵਾ ਟੀਮਾਂ ਤੇ ਮਲਟੀਪਰਪਜ਼ ਹੈਲਥ ਵਰਕਰਾਂ ਵਲੋਂ ਵੱਖ-ਵੱਖ ਰਿਹਾਇਸ਼ੀ ਇਲਾਕਿਆਂ, ਸਰਕਾਰੀ ਦਫ਼ਤਰਾਂ, ਸਕੂਲਾਂ ਅਤੇ ਵਪਾਰਕ ਥਾਵਾਂ ਦਾ ਦੌਰਾ ਕਰਕੇ ਮੱਛਰਾਂ ਦੀ ਬਰੀਡਿੰਗ ਦੇ ਸਰੋਤਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਐਸ. ਐਮ .ਓ ਕਾਹਨੂੰਵਾਨ ਡਾ. ਅੰਕੁਰ ਕੌਸ਼ਲ ਨੇ ਅਪੀਲ ਕੀਤੀ ਕਿ ਡੇਂਗੂ ਨੂੰ ਫੈਲਣ ਤੂੰ ਰੋਕਣ ਲਈ ਜਰੂਰੀ ਸਾਵਧਾਨੀਆਂ ਵਰਤੀਆਂ ਜਾਣ।ਇਸ ਮੌਕੇ ਬਲਾਕ ਐਜੂਕੇਟਰ ਨੀਲਮ ਵੀਂ ਹਾਜ਼ਰ ਸਨ।