ਮਾਧੋਪੁਰ, 14 ਜੁਲਾਈ (ਮਹਿਰਾ)- ਭਾਈ ਘਨੱਈਆ ਜੀ ਚੈਰੀਟੇਬਲ ਸੁਸਾਇਟੀ ਵਲੋਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਚੇਅਰਮੈਨ ਡਾ: ਸੁਖਦੇਵ ਸਿੰਘ ਬੱਲਾ ਤੇ ਪ੍ਰਧਾਨ ਭਾਈ ਮੇਵਾ ਸਿੰਘ ਨੇ ਦੱਸਿਆ ਕਿ 13 ਜੁਲਾਈ 2016 ਨੂੰ ਸੁਸਾਇਟੀ ਹੋਂਦ ’ਚ ਆਈ ਸੀ ਤੇ 13 ਜੁਲਾਈ 2026 ਨੂੰ ਸੁਸਾਇਟੀ ਨੂੰ ਹੋਂਦ ’ਚ ਆਏ ਨੂੰ 10 ਸਾਲ ਹੋ ਗਏ ਹਨ। ਸੁਸਾਇਟੀ ਨੇ 10ਵਾਂ ਸਥਾਪਨਾ ਦਿਵਸ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਂਟਰਲ ਰਾਣੀਪੁਰ ਵਿਖੇ ਬੂਟੇ ਲਗਾ ਕੇ ਮਨਾਇਆ। ਡਾ: ਸੁਖਦੇਵ ਸਿੰਘ ਬੱਲਾ ਨੇ ਦੱਸਿਆ ਕਿ ਸੁਸਾਇਟੀ ਸਮੇਂ-ਸਮੇਂ ’ਤੇ ਲੋਕ ਭਲਾਈ ਦੇ ਕੰਮ ਕਰਦੀ ਰਹਿੰਦੀ ਹੈ। ਸੁਸਾਇਟੀ ਮੈਂਬਰਾਂ ਤੇ ਇਲਾਕੇ ਦੇ ਸਹਿਯੋਗ ਨਾਲ ਹਰ ਮਹੀਨੇ ਦੇ ਦੂਜੇ ਐਤਵਾਰ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ। ਆਖਰੀ ਐਤਵਾਰ ਵੱਖ-ਵੱਖ ਪਿੰਡਾਂ ਦੇ ਗੁਰਦੁਆਰਾ ਸਾਹਿਬ ਵਿਖੇ ਰਾਤ ਨੂੰ ਗੁਰਮਤਿ ਸਮਾਗਮ ਕਰਵਾਇਆ ਜਾਂਦਾ ਹੈ। ਲੋੜ ਪੈਣ ’ਤੇ ਸਮੇਂ-ਸਮੇਂ ’ਤੇ ਮੁਫਤ ਮੈਡੀਕਲ ਕੈਂਪ ਲਗਾਏ ਜਾਂਦੇ ਹਨ। ਜਿਨ੍ਹਾਂ ਵਿਚ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਹਰ ਸਾਲ ਫਰਵਰੀ ਮਹੀਨੇ ਅੰਮ੍ਰਿਤ ਸੰਚਾਰ ਕਰਵਾਇਆ ਜਾਂਦਾ ਹੈ। ਜੂਨ ਮਹੀਨੇ ਬੱਚਿਆਂ ਦੀਆਂ ਧਾਰਮਿਕ ਕਲਾਸਾਂ ਲਗਾਈਆਂ ਜਾਂਦੀਆਂ ਹਨ। ਗਤਕਾ ਸਿਖਲਾਈ ਕੈਂਪ 1 ਜੂਨ 2026 ਤੋਂ 30 ਜੂਨ 2026 ਤੱਕ ਕਰਵਾਇਆ ਗਿਆ। ਜਿਸ ਵਿਚ ਤਕਰੀਬਨ 70 ਬੱਚਿਆਂ ਨੇ ਭਾਗ ਲਿਆ, ਜੋ ਕਿ ਹਾਲੇ ਵੀ ਹਰ ਐਤਵਾਰ ਸਿਖਲਾਈ ਦਿੱਤੀ ਜਾਂਦੀ ਹੈ। ਸੁਸਾਇਟੀ ਵਲੋਂ ਵਰਲਡ ਕੈਂਸਰ ਕੇਅਰ ਕੈਂਪ ਵੀ ਲਗਾਇਆ ਗਿਆ ਸੀ। ਜਿਸ ਵਿਚ ਅੱਖਾਂ ਦੇ ਮਾਹਿਰ ਡਾਕਟਰ, ਜਨਾਨਾ ਮਾਹਿਰ ਵੀ ਆਏ ਸਨ। ਮਰੀਜ਼ਾਂ ਨੂੰ ਐਨਕਾਂ ਮੁਫਤ ਦਿੱਤੀਆਂ ਗਈਆਂ ਸਨ। ਸੁਸਾਇਟੀ ਵਲੋਂ ਬਰਸਾਤ ਦੇ ਮਹੀਨੇ ਫਲਦਾਰ ਬੂਟਿਆਂ ਦਾ ਮੁਫਤ ਲੰਗਰ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਵਿਖੇ ਲਗਾਇਆ ਜਾਂਦਾ ਹੈ। ਸੁਸਾਇਟੀ ਵਲੋਂ ਸਾਰਿਆਂ ਨੂੰ ਅਪੀਲ ਹੈ ਕਿ ਬੂਟੇ ਵੱਧ ਤੋਂ ਵੱਧ ਲਗਾਏ ਜਾਣ, ਕਿਉਂਕਿ ਬੂਟੇ ਕੱਟਣ ਨਾਲ ਵਾਤਾਵਰਨ ਦਾ ਸੰਤੁਲਨ ਵਿਗੜ ਚੁੱਕਾ ਹੈ। ਇਸ ਮੌਕੇ ਵਿਜੇ ਸ਼ਰਮਾ ਸੈਕਟਰੀ, ਪ੍ਰਿੰਸੀਪਲ ਜਸਬੀਰ ਸਿੰਘ ਖਜ਼ਾਨਚੀ, ਜਸਵਿੰਦਰ ਸਿੰਘ, ਅਰੂੜ ਸਿੰਘ ਮੈਰਾ, ਕੈਪ: ਕਰਮ ਸਿੰਘ, ਕੁਲਵੰਤ ਸਿੰਘ, ਗੁਰਸ਼ਰਨ ਸਿੰਘ ਏ.ਐਸ.ਆਈ., ਸੂਬੇਦਾਰ ਬਲਦੇਵ ਸਿੰਘ ਅਤੇ ਬਾਬਾ ਕਰਮ ਸਿੰਘ ਹਾਜ਼ਰ ਸਨ।