ਗੁਰਦਾਸਪੁਰ, 19 ਜੁਲਾਈ (ਅਸ਼ੋਕ ਸ਼ਰਮਾ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਤੇ ਟਰਾਂਸਕੋ ਪੈਨਸ਼ਨਰ ਐਸੋਸੀਏਸ਼ਨ ਸਰਕਲ ਗੁਰਦਾਸਪੁਰ ਦਾ ਵਫ਼ਦ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਬਲਵਿੰਦਰ ਸਿੰਘ ਦੂਲਾ ਨੰਗਲ ਦੀ ਪ੍ਰਧਾਨਗੀ ਹੇਠ ਉਪ ਮੁੱਖ ਇੰਜੀਨੀਅਰ ਅਮਿਤ ਸ਼ਰਮਾ ਨੂੰ ਸਰਕਾਲ ਦਫ਼ਤਰ ਵਿਖੇ ਮਿਲਿਆ। ਇਸ ਸਮੇਂ ਸਰਕਲ ਵਰਕਿੰਗ ਕਮੇਟੀ ਵਲੋਂ ਉਨ੍ਹਾਂ ਨੂੰ ਮੰਗ ਪੱਤਰ ਸੌਂਪਦੇ ਹੋਏ ਉਨ੍ਹਾਂ ਦੇ ਧਿਆਨ ’ਚ ਲਿਆਂਦਾ ਕਿ ਮੰਡਲ ਗੁਰਦਾਸਪੁਰ ਵਿਖੇ ਲੰਮੇ ਸਮੇਂ ਤੋਂ ਸੁਪਰਡੈਂਟ ਲੇਖਾ (ਮੰਡਲ ਲੇਖਾਕਾਰ) ਦੀ ਆਸਾਮੀ ਖਾਲੀ ਹੈ। ਜਿਸ ਕਰਕੇ ਪੈਨਸ਼ਨਰਾਂ ਦੇ ਲੀਵ ਇੰਨਕੈਸ਼ਮੈਂਟ, ਮੈਡੀਕਲ ਬਿੱਲ ਪਾਸ ਕਰਨ, ਪੈਨਸ਼ਨਰਾਂ ਦੇ ਏਰੀਅਰ ਤੇ ਸੇਵਾ ਮੁਕਤ ਹੋਏ ਮੁਲਾਜ਼ਮਾਂ ਦੇ ਪੈਨਸ਼ਨ ਦੇ ਕੇਸ ਅਧੂਰੇ ਪਏ ਹਨ। ਇਸ ਮੰਡਲ ’ਚ ਦੂਸਰੇ ਕਿਸੇ ਮੰਡਲ ਦੇ ਮੰਡਲ ਲੇਖਾਕਾਰ ਨੂੰ ਦੋ ਦਿਨ ਦਾ ਆਰਜ਼ੀ ਚਾਰਜ ਦੇ ਕੇ ਪੈਨਸ਼ਨਰਾਂ ਦੇ ਅਧੂਰੇ ਪਏ ਕੰਮ ਨੇਪਰੇ ਚਾੜੇ ਜਾਣ। ਉਪ ਮੁੱਖ ਇੰਜੀਨੀਅਰ ਨੇ ਜਥੇਬੰਦੀ ਨੂੰ ਦੱਸਿਆ ਕਿ ਕਾਦੀਆਂ ਮੰਡਲ ਦੇ ਮੰਡਲ ਲੇਖਾਕਾਰ ਦੀ ਡਿਊਟੀ ਲਗਾਈ ਗਈ, ਪਰ ਉਨ੍ਹਾਂ ਵਲੋਂ ਕੋਈ ਮਜ਼ਬੂਰੀ ਦੱਸ ਕੇ ਮੰਡਲ ਗੁਰਦਾਸਪੁਰ ਵਿਖੇ ਆਉਣ ਤੋਂ ਛੋਟ ਮੰਗੀ ਹੈ। ਫਿਰ ਵੀ ਕਿਸੇ ਹੋਰ ਮੰਡਲ ਦੇ ਮੰਡਲ ਲੇਖਾਕਾਰ ਦੀ ਡਿਊਟੀ ਜਲਦੀ ਹੀ ਲਗਾ ਦਿੱਤੀ ਜਾਵੇਗੀ, ਤਾਂ ਜੋ ਪੈਨਸ਼ਨਰਾਂ ਦੇ ਕੰਮ ਨਿਪਟਾਏ ਜਾਣਗੇ। ਜਥੇਬੰਦੀ ਵਲੋਂ ਮੈਡੀਕਲ ਬਿੱਲ ਵੀ ਜਲਦੀ ਪਾਸ ਕੀਤੇ ਜਾਣ। ਉਨ੍ਹਾਂ ਕਿਹਾ ਕਿ ਮੈਡੀਕਲ ਬਿੱਲ ਕੋਈ ਵੀ ਪੈਂਡਿੰਗ ਨਹੀਂ ਰਹਿਣ ਦਿੱਤਾ ਜਾ ਰਿਹਾ। ਇਸ ਸਮੇਂ ਜਥੇਬੰਦੀ ਵਲੋਂ 23 ਸਾਲਾ ਸਕੇਲ ਬਾਰੇ ਕੋਰਟ ਵਿਚੋਂ ਕੇਸ ਜਿੱਤੇ ਪੈਨਸ਼ਨਰਾਂ ਦੇ 23 ਸਾਲਾ ਸਕੇਲ ਲਗਾਉਣ ਦੀ ਵੀ ਮੰਗ ਕੀਤੀ ਗਈ। ਜਿਸ ’ਤੇ ਸਰਕਲ ਸੁਪਰਡੈਂਟ ਗੁਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਕਮੇਟੀ ਬਣਾਉਣ ਲਈ ਉਪ ਮੁੱਖ ਇੰਜੀਨੀਅਰ ਤੋਂ ਨੋਟਿਸ ਅਪਰੂਵ ਕਰਵਾ ਕੇ ਕਮੇਟੀ ਬਣਾ ਕੇ ਉਨ੍ਹਾਂ ਦੇ 23 ਸਾਲਾ ਸਕੇਲ ਤੁਰੰਤ ਲਗਾ ਦਿੱਤੇ ਜਾਣਗੇ। ਜਿਸ ’ਤੇ ਪੈਨਸ਼ਨਰ ਐਸੋਸੀਏਸ਼ਨ ਸਰਕਲ ਗੁਰਦਾਸਪੁਰ ਨੇ ਤਸੱਲੀ ਪ੍ਰਗਟਾਈ। ਇਹ ਜਾਣਕਾਰੀ ਸੁਰਿੰਦਰ ਪੱਪੂ ਸਰਕਲ ਸਕੱਤਰ ਗੁਰਦਾਸਪੁਰ ਨੇ ਦਿੱਤੀ।ਮੀਟਿੰਗ ’ਚ ਰਮੇਸ਼ ਸ਼ਰਮਾ ਪ੍ਰਧਾਨ ਕਾਦੀਆਂ ਮੰਡਲ, ਦੇਸ ਰਾਜ ਪ੍ਰਧਾਨ ਦਿਹਾਤੀ ਪਠਾਨਕੋਟ, ਜੋਗਿੰਦਰ ਰੰਧਾਵਾ ਸੂਬਾ ਆਗੂ ਤੇ ਪ੍ਰਧਾਨ ਸਿਟੀ ਬਟਾਲਾ, ਅਮਰੀਕ ਸਿੰਘ ਬਾਗੋਵਾਣੀ ਸਕੱਤਰ ਧਾਰੀਵਾਲ ਮੰਡਲ, ਸੱਤਪਾਲ ਲੱਖੋਵਾਲ ਪ੍ਰਧਾਨ ਗੁਰਦਾਸਪੁਰ ਮੰਡਲ, ਬਾਬਾ ਦਰਸ਼ਨ ਸਿੰਘ, ਬਲਵਿੰਦਰ ਦੂਲਾ ਨੰਗਲ ਤੇ ਸੁਰਿੰਦਰ ਪੱਪੂ ਆਦਿ ਹਾਜ਼ਰ ਸਨ।