ਬਟਾਲਾ, 19 ਜੁਲਾਈ (ਸਤਿੰਦਰ ਸਿੰਘ)-ਵਾਇਸ ਆਫ ਬਟਾਲਾ ਵਲੋਂ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਬਟਾਲਾ ਸ਼ਹਿਰ ਨੂੰ ਹਰਿਆ-ਭਰਿਆ, ਸਾਫ਼ ਸੁਥਰਾ ਤੇ ਪ੍ਰਦੂਸ਼ਣ ਰਹਿਤ ਸੁੰਦਰ ਸ਼ਹਿਰ ਬਣਾਉਣ ਲਈ ਬੂਟੇ ਲਗਾਉਣ ਦੀ ਮੁਹਿੰਮ ਅੱਜ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਵਾਇਸ ਆਫ਼ ਬਟਾਲਾ ਮੈਂਬਰਾਂ ਵਲੋਂ ਦੱਸਿਆ ਗਿਆ ਕਿ ਇਸ ਵਾਸਤੇ ਮਿਉਂਸਪਲ ਕਮੇਟੀ ਦੇ ਮੇਅਰ ਨੂੰ ਲਿਖਤੀ ਬੇਨਤੀ ਕੀਤੀ ਗਈ, ਜਿਸ ਨੂੰ ਉਨ੍ਹਾਂ ਨੇ ਪ੍ਰਵਾਨ ਕਰਦੇ ਹੋਏ 5000 ਬੂਟੇ ਮੁਹੱਈਆ ਕਰਵਾ ਦਿੱਤੇ ਹਨ ਤੇ ਹੋਰ ਵੀ ਕਰਵਾਉਣ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਡਾ. ਲਖਬੀਰ ਸਿੰਘ ਭਾਗੋਵਾਲੀਆ, ਐੱਚ.ਐੱਸ. ਬਾਜਵਾ ਸਾ. ਕਮਾਂਡੈਂਟ ਤੇ ਰਾਸ਼ਟਰਪਤੀ ਐਵਾਰਡੀ ਤੇ ਉੱਘੇ ਸਮਾਜ ਸੇਵਕ ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ ਨੇ ਦੱਸਿਆ ਕਿ ਇਸ ਸਾਲ 10 ਤੋਂ 15 ਹਜ਼ਾਰ ਬੂਟੇ ਲਗਾਏ ਜਾਣਗੇ ਤੇ ਹਰ ਸਾਲ ਦੀ ਤਰ੍ਹਾਂ ਉਨ੍ਹਾਂ ਦੀ ਦੇਖਭਾਲ ਵੀ ਕੀਤੀ ਜਾਵੇਗੀ, ਤਾਂ ਜੋ 2034 ਤੱਕ ਬਟਾਲਾ ਸ਼ਹਿਰ ਤੇ ਇਸ ਦੇ ਚੌਗਿਰਦੇ ਵਿਚ ਇਕ ਲੱਖ ਬੂਟੇ ਲਗਾਉਣ ਦਾ ਟੀਚਾ ਪੂਰਾ ਕੀਤਾ ਜਾ ਸਕੇ। ਉਨ੍ਹਾਂ ਨੇ ਇਸ ਨੇਕ ਤੇ ਲੋਕ ਭਲਾਈ ਕੰਮ ਵਿਚ ਵਾਇਸ ਆਫ਼ ਬਟਾਲਾ ਦੀ ਮਦਦ ਕਰਨ ਦਾ ਸ਼ਹਿਰ ਵਾਸੀਆਂ ਤੇ ਵਲੰਟੀਅਰਾਂ ਦਾ ਦਿਲੋ ਧੰਨਵਾਦ ਕੀਤਾ, ਜੋ ਹਰ ਵੇਲੇ ਮੀਂਹ ਝੱਖੜ ਦੀ ਪਰਵਾਹ ਨਾ ਕਰਦੇ ਹੋਏ ਹਰ ਵੇਲੇ ਇਸ ਸ਼ੁੱਭ ਕੰਮ ਲਈ ਤਤਪਰ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਵਾਇਸ ਆਫ਼ ਬਟਾਲਾ ਨੇ ਬੂਟੇ ਲਗਾਉਣ ਤੇ ਉਨ੍ਹਾਂ ਨੂੰ ਪਾਲਣ ਪੋਸ਼ਣ ਦੇ ਹਰ ਤਰ੍ਹਾਂ ਦੇ ਸੰਦ ਆਪ ਸਭ ਦੇ ਸਹਿਯੋਗ ਸਦਕਾ ਆਪਣੇ ਖਰੀਦੇ ਹੋਏ ਹਨ ਤਾਂ ਜੋ ਬੂਟੇ ਲਗਾਉਣ ਵਿਚ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਉਨ੍ਹਾਂ ਬਟਾਲਾ ਸ਼ਹਿਰ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜੋ ਵੋਇਸ ਆਫ ਬਟਾਲਾ ਨਾਲ ਹਰ ਤਰਾਂ, ਹਰ ਵੇਲੇ ਖੜੇ ਰਹਿੰਦੇ ਹਨ।