ਬਟਾਲਾ, 20 ਜੁਲਾਈ (ਸਤਿੰਦਰ ਸਿੰਘ)-ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਦੇ ਸਨਮੁੱਖ ਅੰਬੇਦਕਰ ਨਗਰ ਬਟਾਲਾ ਵਿਖੇ ਵਿਸ਼ਾਲ ਆਧਿਆਤਮਿਕ ਸਤਸੰਗ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤ ਨੇ ਸ਼ਿਰਕਤ ਕੀਤੀ ਤੇ ਭਗਤੀਮਈ ਮਾਹੌਲ ਵਿਚ ਪ੍ਰਭੂ ਸਿਮਰਨ ਕੀਤਾ। ਇਸ ਦੌਰਾਨ ਦਿਵਯ ਗੁਰੂ ਸ਼੍ਰੀ ਆਸ਼ੂਤੋਸ਼ ਮਹਾਰਾਜ ਦੇ ਸ਼ਿਸ਼ ਸਵਾਮੀ ਸੰਗਯਮਾਨੰਦ ਨੇ ਸੰਬੋਧਨ ਕਰਦਿਆਂ ਅਧਿਆਤਮਿਕ ਗਿਆਨ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਮਨੁੱਖੀ ਜੀਵਨ ਦਾ ਅਸਲ ਮਕਸਦ ਕੇਵਲ ਭੌਤਿਕ ਸੁਖ-ਸੁਵਿਧਾਵਾਂ ਪ੍ਰਾਪਤ ਕਰਨਾ ਨਹੀਂ, ਸਗੋਂ ਆਤਮ ਗਿਆਨ ਰਾਹੀਂ ਪ੍ਰਮਾਤਮਾ ਨਾਲ ਆਪਣੇ ਸਦੀਵੀ ਰਿਸ਼ਤੇ ਦਾ ਅਨੁਭਵ ਕਰਨਾ ਹੈ। ਸਵਾਮੀ ਨੇ ਕਿਹਾ ਕਿ ਅੱਜ ਦਾ ਮਨੁੱਖ ਦੁਨਿਆਵੀ ਪ੍ਰਾਪਤੀਆਂ ਦੀ ਦੌੜ ’ਚ ਲੱਗਾ ਹੋਇਆ ਹੈ, ਪਰ ਇਸ ਦੇ ਬਾਵਜੂਦ ਉਸ ਦੇ ਜੀਵਨ ਵਿਚ ਤਣਾਅ, ਅਸੰਤੁਸ਼ਟੀ ਤੇ ਬੇਚੈਨੀ ਵਧਦੀ ਜਾ ਰਹੀ ਹੈ। ਇਨ੍ਹਾਂ ਸਮੱਸਿਆਵਾਂ ਦਾ ਸਥਾਈ ਹੱਲ ਸਿਰਫ਼ ਅਧਿਆਤਮਿਕ ਗਿਆਨ ਅਤੇ ਪ੍ਰਭੂ ਭਗਤੀ ਵਿਚ ਹੀ ਹੈ। ਉਨ੍ਹਾਂ ਸੰਗਤ ਨੂੰ ਪ੍ਰੇਰਿਤ ਕੀਤਾ ਕਿ ਉਹ ਅਧਿਆਤਮਿਕ ਸਿਧਾਂਤਾਂ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਤੇ ਆਪਣੇ ਨਾਲ-ਨਾਲ ਸਮਾਜ ਦੀ ਭਲਾਈ ਲਈ ਵੀ ਯੋਗਦਾਨ ਪਾਉਣ। ਅੰਤ ’ਚ ਸਮੂਹ ਸੰਗਤ ਨੇ ਪ੍ਰਭੂ ਚਰਨਾਂ ਵਿਚ ਵਿਸ਼ਵ ਸ਼ਾਂਤੀ, ਸੁੱਖ-ਸਮ੍ਰਿੱਧੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।