ਬਟਾਲਾ, 21 ਜੁਲਾਈ (ਸਤਿੰਦਰ ਸਿੰਘ)-ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਸਾਲ ਨੂੰ ਸਮਰਪਿਤ ਮਹਾਰਾਸ਼ਟਰ ਸਰਕਾਰ ਵਲੋਂ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿਚ ਕਰਵਾਏ ਗਏ ਇਤਿਹਾਸਕ ਗੁਰਮਤਿ ਸਮਾਗਮਾਂ ਦੇ ਸੁਚੱਜੇ ਪ੍ਰਬੰਧਾਂ ਲਈ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਆਈ.ਏ.ਐਸ. (ਰਿਟਾ.) ਨੇ ਮੁੱਖ ਮੰਤਰੀ ਸ੍ਰੀ ਦੇਵੇਂਦਰ ਫੜਨਵੀਸ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਹੈ। ਇਸ ਸਬੰਧੀ ਮੁੰਬਈ ਸਥਿਤ ਮੁੱਖ ਮੰਤਰੀ ਦਫ਼ਤਰ ਵਿਖੇ ਹੋਈ ਇਕ ਉੱਚ-ਪੱਧਰੀ ਮੁਲਾਕਾਤ ਦੌਰਾਨ ਡਾ. ਵਿਜੇ ਸਤਬੀਰ ਸਿੰਘ ਅਤੇ ਸ: ਜਸਵੰਤ ਸਿੰਘ ਬੌਬੀ ਨੇ ਮੁੱਖ ਮੰਤਰੀ ਸ੍ਰੀ ਦੇਵੇਂਦਰ ਫੜਨਵੀਸ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਮੁੱਚੀ ਸਿੱਖ ਸੰਗਤ ਵਲੋਂ ਮਹਾਰਾਸ਼ਟਰ ਸ਼ਾਸਨ ਦੇ ਸਹਿਯੋਗ ਲਈ ਧੰਨਵਾਦ ਪ੍ਰਗਟਾਇਆ ਅਤੇ ਮੁੱਖ ਮੰਤਰੀ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਤੇ ਪ੍ਰਸਾਦ ਦੇ ਕਰਕੇ ਸਨਮਾਨਿਤ ਵੀ ਕੀਤਾ। ਉਪਰੰਤ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਸਰਕਾਰ ਵਲੋਂ ਨਾਗਪੁਰ, ਨਵੀਂ ਮੁੰਬਈ ਅਤੇ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਵੱਡੇ ਪੱਧਰ ’ਤੇ ਗੁਰਮਤਿ ਸਮਾਗਮ ਉਲੀਕੇ ਗਏ ਸਨ। ਇਸ ਲੜੀ ਤਹਿਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਕਰਵਾਏ ਦੋ ਦਿਨਾ ਦੇ ਮਹਾਨ ਕੀਰਤਨ ਦਰਬਾਰ ਵਿਚ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਸਰਕਾਰ ਵਲੋਂ ਹਮੇਸ਼ਾ ਹੀ ਗੁਰੂ-ਘਰ ਅਤੇ ਸੰਗਤ ਪ੍ਰਤੀ ਅਥਾਹ ਸਤਿਕਾਰ ਪ੍ਰਗਟਾਇਆ ਜਾਂਦਾ ਰਿਹਾ ਹੈ। ਏਨੇ ਵਿਸ਼ਾਲ ਪੱਧਰ ਦੇ ਸਮਾਗਮਾਂ ਦੌਰਾਨ ਲੱਖਾਂ ਸ਼ਰਧਾਲੂਆਂ ਲਈ ਲੰਗਰ, ਰਿਹਾਇਸ਼, ਮੈਡੀਕਲ ਸਹੂਲਤਾਂ ਅਤੇ ਸੁਰੱਖਿਆ ਦੇ ਜੋ ਬਿਹਤਰੀਨ ਪ੍ਰਬੰਧ ਪ੍ਰਸ਼ਾਸਨ ਵਲੋਂ ਦਿਨ-ਰਾਤ ਇਕ ਕਰ ਕੇ ਕੀਤੇ ਗਏ, ਉਹ ਬਹੁਤ ਹੀ ਸ਼ਾਲਾਘਾਯੋਗ ਹਨ। ਇਸ ਸਫ਼ਲਤਾ ਪਿੱਛੇ ਮੁੱਖ ਮੰਤਰੀ ਸ੍ਰੀ ਦੇਵੇਂਦਰ ਫੜਨਵੀਸ ਦੀ ਨਿੱਜੀ ਦਿਲਚਸਪੀ ਤੇ ਯੋਗ ਅਗਵਾਈ ਦਾ ਵੱਡਾ ਯੋਗਦਾਨ ਹੈ। ਨਾਲ ਹੀ ਉਨ੍ਹਾਂ ਨੇ ਬਾਬਾ ਹਰਨਾਮ ਸਿੰਘ ਖਾਲਸਾ ਅਤੇ ਸ੍ਰੀ ਰਾਮੇਸ਼ਵਰ ਨਾਇਕ ਦਾ ਧੰਨਵਾਦ ਕੀਤਾ। ਇਸ ਮੌਕੇ ਮੁੱਖ ਮੰਤਰੀ ਸ੍ਰੀ ਦੇਵੇਂਦਰ ਫੜਨਵੀਸ ਨੇ ਵੀ ਤਖ਼ਤ ਸਾਹਿਬ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਮਹਾਰਾਸ਼ਟਰ ਸਰਕਾਰ ਭਵਿੱਖ ਵਿਚ ਵੀ ਸਿੱਖ ਕੌਮ ਦੇ ਅਜਿਹੇ ਇਤਿਹਾਸਕ ਦਿਹਾੜਿਆਂ ਅਤੇ ਸੰਗਤਾਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਹੇਗੀ।