ਗੁਰਦਾਸਪੁਰ, 21 ਜੁਲਾਈ (ਚੱਕਰਾਜਾ)-ਸਰਹੱਦੀ ਖੇਤਰ ਦੇ ਪਿੰਡ ਗਾਹਲੜੀ ਨੇੜਿਉਂ ਲੰਘਦੇ ਨੌਮਣੀ ਨਾਲੇ ਦਾ ਪਾਣੀ ਓਵਰਫ਼ਲੋ ਹੋ ਕੇ ਨੇੜਲੀਆਂ ਸੈਂਕੜੇ ਜ਼ਮੀਨਾਂ ਵਿਚ ਵੜਨ ਨਾਲ ਫ਼ਸਲਾਂ ਪ੍ਰਭਾਵਿਤ ਹੋ ਰਹੀਆਂ ਹਨ। ਪਰ ਲੋਕਾਂ ਵਲੋਂ ਪਾਣੀ ਦਾ ਨਿਕਾਸ ਕਰਨ ਦੀ ਕੀਤੀ ਜਾ ਰਹੀ ਮੰਗ ਵੱਲ ਸਬੰਧਿਤ ਵਿਭਾਗ ਵਲੋਂ ਕੋਈ ਧਿਆਨ ਨਾ ਦਿੱਤੇ ਜਾਣ ਕਾਰਨ ਫ਼ਸਲ ਖ਼ਰਾਬ ਹੋਣ ਦਾ ਖ਼ਦਸ਼ਾ ਬਣਿਆ ਹੈ। ਇਸ ਸਮੱਸਿਆ ਤੋਂ ਪ੍ਰਭਾਵਿਤ ਕਈ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਨੌਮਣੀ ਨਾਲੇ ’ਤੇ ਹੈਡ ਵਰਕਸ ਗਾਹਲੜੀ ਤੋਂ ਨਿਕਲਦੀ ਸਿੰਚਾਈ ਨਹਿਰ ਜੋ ਡੇਰਾ ਬਾਬਾ ਨਾਨਕ ਤੱਕ ਜਾਂਦੀ ਹੈ ਅਤੇ ਦਰਜਨਾਂ ਪਿੰਡਾਂ ਦੀਆਂ ਜ਼ਮੀਨਾਂ ਨੂੰ ਇਸ ਨਹਿਰ ਦਾ ਪਾਣੀ ਲੱਗਦਾ ਹੈ। ਪਰ ਇਸ ਨਹਿਰ ਦੀ ਪਿਛਲੇ ਕਈ ਸਾਲਾ ਤੋਂ ਸਫ਼ਾਈ ਨਾ ਹੋਣ ਕਾਰਨ ਅਤੇ ਇਸ ਨੂੰ ਡੂੰਘਾ ਨਾ ਕੀਤੇ ਜਾਣ ਕਾਰਨ ਇਸ ਦੀ ਉਚਾਈ ਨੌਮਣੀ ਨਾਲੇ ਤੋਂ ਉਪਰ ਹੈ, ਇਸ ਲਈ ਜਦੋਂ ਵੀ ਨੌਮਣੀ ਨਾਲੇ ’ਤੇ ਪਾਣੀ ਰੋਕਣ ਲਈ ਬਣੇ ਗੇਟਾਂ ਨੂੰ ਬੰਦ ਕਰਕੇ ਨਹਿਰ ਵਿਚ ਪਾਣੀ ਪਾਇਆ ਜਾਂਦਾ ਹੈ ਤਾਂ ਪਾਣੀ ਨਹਿਰ ਵਿਚ ਪੂਰੀ ਸਮਰੱਥਾ ਨਾਲ ਜਾਣ ਦੀ ਬਜਾਏ ਨੌਮਣੀ ਨਾਲੇ ’ਤੇ ਬਣੇ ਪੁਲ ਤੋਂ ਪਿੱਛੇ ਓਵਰਫ਼ਲੋ ਹੋ ਕੇ ਕਈ ਪਿੰਡਾਂ ਦੀਆਂ ਜ਼ਮੀਨਾਂ ਵਿਚ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਸ ਕਾਰਨ ਕਿਸਾਨਾਂ ਦੀ ਫ਼ਸਲ ਪਾਣੀ ਵਿਚ ਪੂਰੀ ਤਰ੍ਹਾਂ ਡੁੱਬਣ ਕਾਰਨ ਹਰ ਸਾਲ ਪ੍ਰਭਾਵਿਤ ਹੁੰਦੀ ਹੈ। ਭਾਵੇਂ ਕਿ ਹਰ ਸਾਲ ਨਹਿਰੀ ਵਿਭਾਗ ਵਲੋਂ ਨਹਿਰ ਦੀ ਸਫ਼ਾਈ ਮਨਰੇਗਾ ਕਾਮਿਆਂ ਰਾਹੀਂ ਕਰਵਾਈ ਜਾਂਦੀ ਰਹੀ ਹੈ। ਪਰ ਇਹ ਸਫ਼ਾਈ ਸਿਰਫ਼ ਖ਼ਾਨਾ ਪੂਰਤੀ ਤੋਂ ਵੱਧ ਕੁਝ ਨਹੀਂ। ਜਿਸ ਕਾਰਨ ਨਹਿਰ ਦੀ ਹਾਲਤ ਇਸ ਸਮੇਂ ਅਜਿਹੀ ਬਣੀ ਹੈ ਕਿ ਲਗਪਗ ਪੂਰਿਆਂ ਵਰਗੀ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਇਲਾਕੇ ਦੇ ਕਿਸਾਨ ਹਰ ਸਾਲ ਉਨਾਂ ਦੀਆਂ ਪਾਣੀ ਨਾਲ ਬਰਬਾਦ ਹੁੰਦੀਆਂ ਫ਼ਸਲਾਂ ਦਾ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਤੇ ਸਬੰਧਿਤ ਵਿਭਾਗ ਦੇ ਧਿਆਨ ਵਿਚ ਲਿਆ ਕੇ ਨਹਿਰ ਨੂੰ ਡੂੰਘਾ ਕਰਨ, ਨੌਮਣੀ ਨਾਲੇ ਦੀ ਸਫ਼ਾਈ ਦੇ ਨਾਲ ਨਾਲ ਇਸ ਦੇ ਕਿਨਾਰੇ ’ਤੇ ਬੰਨ੍ਹ ਬੰਨ੍ਹਣ ਦੀ ਮੰਗ ਕਰਦੇ ਆ ਰਹੇ ਹਨ। ਪਰ ਬਰਸਾਤ ਹੋਣ ਤੋਂ ਪਹਿਲਾਂ ਇਸ ਨਾਲੇ ਦੀ ਸਾਫ਼ ਸਫ਼ਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਨੌਮਣੀ ਨਾਲੇ ’ਤੇ ਡੱਕੇ ਪਾਣੀ ਨੂੰ ਤੁਰੰਤ ਖੋਲਿਆ ਜਾਵੇ ਤਾਂ ਜੋ ਉਨ੍ਹਾਂ ਦੀਆਂ ਜ਼ਮੀਨਾਂ ’ਚ ਖੜ੍ਹਾ ਪਾਣੀ ਬਾਹਰ ਨਿਕਲ ਸਕੇ ਅਤੇ ਉਨ੍ਹਾਂ ਦੀਆਂ ਫ਼ਸਲਾਂ ਬਚ ਸਕਣ।