ਫਤਹਿਗੜ੍ਹ ਚੂੜੀਆਂ, 25 ਜੁਲਾਈ (ਐਮ.ਐਸ. ਫੁੱਲ)-ਡੇਰਾ ਰੋਡ ਸਥਿਤ ਹਵੇਲੀਆਂ ਚੌਕ ਨੇੜੇ ਅੱਜ ਸਵੇਰੇ ਉਸ ਵੇਲੇ ਭਾਰੀ ਹੰਗਾਮਾ ਹੋ ਗਿਆ, ਜਦੋਂ ਇਕ ਬੇਕਾਬੂ ਟਿੱਪਰ ਨੇ ਅਣਗਹਿਲੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਇਲਾਕੇ ਵਿਚ ਵੱਡਾ ਨੁਕਸਾਨ ਕਰ ਦਿੱਤਾ। ਹਾਲਾਂਕਿ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਹੋਣੋਂ ਬਚ ਗਿਆ, ਪਰ ਬਿਜਲੀ ਦੇ ਦੋ ਵੱਡੇ ਟਰਾਂਸਫਾਰਮਰ ਅਤੇ ਕਈ ਖੰਭੇ ਜੜ੍ਹੋਂ ਉੱਖੜ ਕੇ ਸੜਕ ’ਤੇ ਜਾ ਡਿੱਗੇ। ਜਾਣਕਾਰੀ ਮੁਤਾਬਕ ਥਾਣੇ ਵਾਲੀ ਗਲੀ ਵਿਚ ਗਟਕਾ ਖਾਲੀ ਕਰਨ ਤੋਂ ਬਾਅਦ ਟਿੱਪਰ ਚਾਲਕ ਆਪਣੀ ਲਾਪ੍ਰਵਾਹੀ ਕਾਰਨ ਲਿਫਟ (ਜੈੱਕ) ਹੇਠਾਂ ਕਰਨਾ ਭੁੱਲ ਗਿਆ ਅਤੇ ਚੁੱਕੇ ਹੋਏ ਟਰਾਲੇ ਨਾਲ ਹੀ ਟਿੱਪਰ ਸੜਕ ’ਤੇ ਦੁੜਾਉਂਦਾ ਲੈ ਆਇਆ। ਇਸ ਦੌਰਾਨ ਰਸਤੇ ਵਿਚ ਆਉਂਦੀਆਂ ਮੁੱਖ ਬਿਜਲੀ ਦੀਆਂ ਤਾਰਾਂ, ਖੰਭੇ, ਮੀਟਰ ਬਾਕਸ ਅਤੇ ਟਰਾਂਸਫਾਰਮਰ ਲਪੇਟ ਵਿਚ ਆ ਕੇ ਪੂਰੀ ਤਰ੍ਹਾਂ ਤਬਾਹ ਹੋ ਗਏ। ਸਥਾਨਕ ਲੋਕਾਂ ਨੇ ਦੱਸਿਆ ਕਿ ਹਾਦਸੇ ਸਮੇਂ ਇਲਾਕੇ ਵਿਚ ਤੇਜ਼ ਬਾਰਿਸ਼ ਹੋ ਰਹੀ ਸੀ, ਜਿਸ ਕਾਰਨ ਸੜਕ ’ਤੇ ਬੱਚਿਆਂ ਅਤੇ ਹੋਰ ਲੋਕਾਂ ਦੀ ਆਵਾਜਾਈ ਕਾਫ਼ੀ ਘੱਟ ਸੀ ਅਤੇ ਬਿਜਲੀ ਵੀ ਬੰਦ ਸੀ। ਜੇਕਰ ਬਾਰਿਸ਼ ਨਾ ਹੁੰਦੀ ਅਤੇ ਬਿਜਲੀ ਦੀ ਲਾਈਨ ਚਾਲੂ ਹੁੰਦੀ ਤਾਂ ਇੱਥੇ ਕੋਈ ਬਹੁਤ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਹਾਦਸੇ ਤੋਂ ਬਾਅਦ ਡੇਰਾ ਰੋਡ ’ਤੇ ਵਾਹਨਾਂ ਦੀਆਂ ਲੰਬੀਆਂ ਲਾਇਨਾਂ ਲੱਗ ਗਈਆਂ ਅਤੇ ਟਰੈਫਿਕ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਇਸ ਹਾਦਸੇ ਤੋਂ ਬਾਅਦ ਸਿਟੀ ਫੀਡਰ ਨਾਲ ਲਗਦੇ ਪੂਰੇ ਇਲਾਕੇ ਦੀ ਬਿਜਲੀ ਗੁੱਲ ਹੋ ਗਈ ਹੈ। ਦੂਜੇ ਪਾਸੇ ਬਿਜਲੀ ਬੋਰਡ ਦੇ ਜੇ.ਈ., ਲਾਇਨਮੈਨ, ਸਹਾਇਕ ਲਾਈਨਮੈਨ ਅਤੇ ਸਮੁੱਚਾ ਫੀਲਡ ਸਟਾਫ਼ ਹੜਤਾਲ ’ਤੇ ਹੋਣ ਕਾਰਨ ਮੁਰੰਮਤ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ ਅਤੇ ਇਹ ਕਦੋਂ ਤੱਕ ਸ਼ੁਰੂ ਹੋਵੇਗਾ ਇਸ ਬਾਰੇ ਵੀ ਕੋਈ ਪਤਾ ਨਹੀਂ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਣਗਹਿਲੀ ਵਰਤਣ ਵਾਲੇ ਟਿੱਪਰ ਚਾਲਕ ਅਤੇ ਮਾਲਕ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਹੋਏ ਨੁਕਸਾਨ ਦੀ ਭਰਪਾਈ ਮਾਲਕਾਂ ਕੋਲੋਂ ਕਰਵਾਈ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਹੜਤਾਲ ਦੇ ਮੱਦੇਨਜ਼ਰ ਨਿੱਜੀ ਜਾਂ ਵਿਸ਼ੇਸ਼ ਟੀਮਾਂ ਦਾ ਪ੍ਰਬੰਧ ਕਰ ਕੇ ਇਲਾਕੇ ਦੀ ਬਿਜਲੀ ਸਪਲਾਈ ਜਲਦ ਤੋਂ ਜਲਦ ਬਹਾਲ ਕੀਤੀ ਜਾਵੇ। ਜੇਕਰ ਬਿਜਲੀ ਕਰਮਚਾਰੀ ਹੜਤਾਲ ਖ਼ਤਮ ਨਹੀਂ ਕਰਦੇ ਤਾਂ ਤੁਰੰਤ ਪ੍ਰਭਾਵ ਨਾਲ ਨਵੀਂ ਭਰਤੀ ਕਰ ਕੇ ਇਨ੍ਹਾਂ ਨੂੰ ਘਰ ਤੋਰਿਆ ਜਾਵੇ। ਇਸ ਸਬੰਧੀ ਚੀਫ ਇੰਜੀਨੀਅਰ ਬਾਰਡਰ ਜ਼ੋਨ ਸ੍ਰੀ ਸੁਰਿੰਦਰ ਕੁਮਾਰ ਬੈਂਸ ਦੇ ਨੰਬਰਾਂ ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਦੇ ਦਫ਼ਤਰ ਦੇ ਅਧਿਕਾਰੀਆ ਨੇ ਕਿਹਾ ਕਿ ਅਸੀਂ ਤਾਂ ਆਪ ਬਹੁਤ ਦੁਖੀ ਹਾਂ ਮੁਲਾਜਮਾਂ ਦੀ ਹੜਤਾਲ ਤੋਂ ਅਸੀਂ ਤਾਂ ਸਿਰਫ਼ ਸ਼ਿਕਾਇਤ ਲਿਖ ਕੇ ਅੱਗੇ ਭੇਜ ਸਕਦੇ ਹਾਂ, ਹੋਰ ਕੁਝ ਨਹੀਂ ਤੁਸੀ ਆਪਣੇ ਪੱਧਰ ਤੇ ਜੋ ਕਰਨਾ ਹੈ ਕਰ ਲਓ।