ਤਾਰਾਗੜ੍ਹ, 29 ਜੁਲਾਈ (ਸੋਹਨ ਲਾਲ)-ਵਿਧਾਨ ਸਭਾ ਹਲਕਾ ਭੋਆ ’ਚ ਬੀ.ਜੇ.ਪੀ. ਸੀਨੀਅਰ ਵਰਕਰਾਂ ਵਲੋਂ ਬਰਨਾਲਾ ’ਚ ਸਫ਼ਾਈ ਕਰਮਚਾਰੀਆਂ ਤੇ ਪੰਜਾਬ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਨਿੰਦਾ ਕੀਤੀ ਹੈ l ਗੱਲਬਾਤ ਦੌਰਾਨ ਬੀ.ਜੇ.ਪੀ. ਦੇ ਸੀਨੀਅਰ ਆਗੂ ਮੰਡਲ ਜਨਰਲ ਸਕੱਤਰ ਸੁਰਿੰਦਰ ਬਕਨੌਰ ਨੇ ਕਿਹਾ ਕਿ ਇਹ ਘਟਨਾ ਸਾਬਤ ਕਰਦੀ ਹੈ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਨਾਕਾਮ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਸਫਾਈ ਕਰਮਚਾਰੀਆਂ ‘ਤੇ ਤਾਕਤ ਦੀ ਵਰਤੋਂ ਕਰਨਾ ਬਹੁਤ ਹੀ ਮੰਦਭਾਗਾ ਹੈ। ਇਹ ਉਹ ਕਰਮਚਾਰੀ ਹਨ, ਜੋ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਲੋਕਾਂ ਨੂੰ ਸਾਫ਼-ਸੁਥਰਾ ਮਾਹੌਲ ਮੁਹੱਈਆ ਕਰਵਾਉਂਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਲਾਠੀਆਂ ਨਾਲ ਨਹੀਂ, ਸਗੋਂ ਗੱਲਬਾਤ ਰਾਹੀਂ ਹੱਲ ਕੀਤਾ ਜਾਵੇ। ਸੁਰਿੰਦਰ ਬਕਨੌਰ ਨੇ ਕਿਹਾ ਕਿ ਸਫਾਈ ਕਰਮਚਾਰੀਆਂ ਦੀ ਸ਼ਾਂਤਮਈ ਹੜਤਾਲ ‘ਤੇ ਲਾਠੀਚਾਰਜ ਕਰਨਾ ਲੋਕਤੰਤਰਿਕ ਕਦਰਾਂ-ਕੀਮਤਾਂ ਦੇ ਉਲਟ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਹਰ ਵਰਗ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਆਪਣੇ ਵਾਅਦਿਆਂ ਤੋਂ ਮੁੱਕਰ ਗਈ ਹੈ। ਉਨ੍ਹਾਂ ਕਿਹਾ ਕਿ ਸਫਾਈ ਕਰਮਚਾਰੀ ਰੋਜ਼ਾਨਾ ਖ਼ਤਰਨਾਕ ਹਲਾਤਾਂ ਵਿਚ ਕੰਮ ਕਰਦੇ ਹਨ, ਫਿਰ ਵੀ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ, ਪੱਕੀ ਨੌਕਰੀ ਅਤੇ ਯੋਗ ਤਨਖ਼ਾਹ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ।ਅੰਤ ਵਿਚ ਸੁਰਿੰਦਰ ਬਕਨੌਰ ਨੇ ਕਿਹਾ ਕਿ ਬੀ.ਜੇ.ਪੀ. ਪਾਰਟੀ ਸਫਾਈ ਕਰਮਚਾਰੀਆਂ ਦੇ ਸੰਘਰਸ਼ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਅਤੇ ਉਨ੍ਹਾਂ ਦੇ ਹੱਕਾਂ ਦੀ ਰੱਖਿਆ ਲਈ ਹਰ ਸੰਭਵ ਲੜਾਈ ਲੜੇਗੀ। ਇਸ ਮੌਕੇ ਮੰਡਲ ਜਨਰਲ ਸੈਕਟਰੀ ਸੰਜੂ ਠਾਕੁਰ, ਸਤੀਸ਼ ਸੈਣੀ ਸਾਬਕਾ ਸਰਪੰਚ ਗੱਜੂ ਜਗੀਰ, ਸੁਰਿੰਦਰ ਪਾਲ ਸਾਬਕਾ ਸਰਪੰਚ ਖੋਖਰ ਕੋਟਲੀ, ਅਸ਼ੋਕ ਕੁਮਾਰ, ਕਰਨ ਸਿੰਘ, ਪਿੰਕੂ ਕਾਟਲ ਅਤੇ ਸਿੰਦਾ ਸੈਣੀ ਆਦਿ ਮੌਜੂਦ ਸਨ ।