08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਢਾਕੀ ਰੋਡ ’ਤੇ ਬੇਸਹਾਰਾ ਪਸ਼ੂਆਂ ਦਾ ਕਬਜ਼ਾ-ਪ੍ਰਸ਼ਾਸਨ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ

Ad Position 21
No active advertisement
ਅਜੀਤ ਡੈਸਕ 30-07-2026
ਪਠਾਨਕੋਟ, 29 ਜੁਲਾਈ (ਸੁਮਿਤ)-ਪਠਾਨਕੋਟ ਸ਼ਹਿਰ ’ਚ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ। ਸ਼ਹਿਰ ਦੇ ਢਾਕੀ ਰੋਡ ‘ਤੇ ਇਨ੍ਹਾਂ ਦਿਨਾਂ ’ਚ ਆਵਾਰਾ ਪਸ਼ੂਆਂ ਨੇ ਪੂਰੀ ਸੜਕ ‘ਤੇ ਕਬਜ਼ਾ ਕਰ ਰੱਖਿਆ ਹੈ। ਜਿਸ ਕਾਰਨ ਹਰ ਵੇਲੇ ਵੱਡੇ ਹਾਦਸੇ ਦਾ ਖਤਰਾ ਬਣਿਆ ਹੈ। ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਸੜਕ ਵਿਚਕਾਰ ਬੈਠੇ ਤੇ ਘੁੰਮਦੇ ਪਸ਼ੂਆਂ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਵਾਰ ਦੋ ਪਹੀਆ ਵਾਹਨ ਚਾਲਕ ਅਚਾਨਕ ਸਾਹਮਣੇ ਆਏ ਪਸ਼ੂਆਂ ਤੋਂ ਬਚਣ ਦੀ ਕੋਸ਼ਿਸ਼ ਵਿਚ ਆਪਣਾ ਸੰਤੁਲਨ ਗੁਆ ਬੈਠਦੇ ਹਨ, ਜਿਸ ਨਾਲ ਹਾਦਸਿਆਂ ਦਾ ਖਤਰਾ ਹੋਰ ਵੱਧ ਜਾਂਦਾ ਹੈ।ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਮਾਰਗ ਤੋਂ ਹਜ਼ਾਰਾਂ ਵਾਹਨ, ਸਕੂਲ ਜਾਣ ਵਾਲੇ ਬੱਚੇ, ਦਫ਼ਤਰ ਜਾਣ ਵਾਲੇ ਕਰਮਚਾਰੀ ਅਤੇ ਹੋਰ ਰਾਹਗੀਰ ਲੰਘਦੇ ਹਨ। ਪਰ ਸੜਕ ‘ਤੇ ਬੈਠੇ ਆਵਾਰਾ ਪਸ਼ੂਆਂ ਕਾਰਨ ਲੋਕ ਆਪਣੀ ਜਾਨ ਜੋਖਮ ਵਿਚ ਪਾ ਕੇ ਸਫ਼ਰ ਕਰਨ ਲਈ ਮਜਬੂਰ ਹਨ। ਕਈ ਵਾਰ ਵਾਹਨ ਚਾਲਕ ਲਗਾਤਾਰ ਹਾਰਨ ਵਜਾਉਂਦੇ ਰਹਿੰਦੇ ਹਨ। ਪਰ ਪਸ਼ੂ ਸੜਕ ਤੋਂ ਹਟਣ ਦਾ ਨਾਮ ਨਹੀਂ ਲੈਂਦੇ। ਲੋਕਾਂ ਦਾ ਦੋਸ਼ ਹੈ ਕਿ ਨਗਰ ਨਿਗਮ ਤੇ ਸਬੰਧਤ ਵਿਭਾਗ ਸਮੇਂ-ਸਮੇਂ ‘ਤੇ ਸ਼ਹਿਰ ਨੂੰ ਆਵਾਰਾ ਪਸ਼ੂਆਂ ਤੋਂ ਮੁਕਤ ਕਰਨ ਤੇ ਉਨ੍ਹਾਂ ਨੂੰ ਗਊਸ਼ਾਲਾਵਾਂ ਵਿਚ ਛੱਡਣ ਦੇ ਵੱਡੇ-ਵੱਡੇ ਦਾਅਵੇ ਕਰਦੇ ਹਨ। ਪਰ ਢਾਕੀ ਰੋਡ ਦੀ ਸਥਿਤੀ ਇਨ੍ਹਾਂ ਦਾਅਵਿਆਂ ਦੀ ਅਸਲੀਅਤ ਨੂੰ ਬੇਨਕਾਬ ਕਰ ਰਹੀ ਹੈ। ਜੇਕਰ ਪ੍ਰਸ਼ਾਸਨ ਨਿਯਮਿਤ ਤੌਰ ‘ਤੇ ਪਸ਼ੂਆਂ ਨੂੰ ਫੜ ਕੇ ਗਊਸ਼ਾਲਾਵਾਂ ਵਿਚ ਭੇਜਦਾ ਹੁੰਦਾ ਤਾਂ ਸ਼ਹਿਰ ਦੀ ਮੁੱਖ ਸੜਕ ‘ਤੇ ਇੰਨ੍ਹੀ ਵੱਡੀ ਗਿਣਤੀ ਵਿਚ ਪਸ਼ੂ ਨਜ਼ਰ ਨਾ ਆਉਂਦੇ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਸਬੰਧੀ ਕਈ ਵਾਰ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ। ਪਰ ਅਜੇ ਤੱਕ ਕੋਈ ਪੱਕਾ ਹੱਲ ਨਹੀਂ ਨਿਕਲਿਆ। ਲੋਕਾਂ ਦਾ ਕਹਿਣਾ ਹੈ ਕਿ ਸਿਰਫ਼ ਕਾਗਜ਼ੀ ਕਾਰਵਾਈ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ, ਸਗੋਂ ਲਗਾਤਾਰ ਮੁਹਿੰਮ ਚਲਾ ਕੇ ਆਵਾਰਾ ਪਸ਼ੂਆਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣਾ ਹੋਵੇਗਾ। ਵਾਹਨ ਚਾਲਕਾਂ ਦਾ ਕਹਿਣਾ ਹੈ ਕਿ ਰਾਤ ਸਮੇਂ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ। ਹਨੇਰੇ ਵਿਚ ਸੜਕ ‘ਤੇ ਬੈਠੇ ਪਸ਼ੂ ਆਸਾਨੀ ਨਾਲ ਦਿਖਾਈ ਨਹੀਂ ਦਿੰਦੇ, ਜਿਸ ਨਾਲ ਹਾਦਸਿਆਂ ਦੀ ਸੰਭਾਵਨਾ ਵੱਧ ਜਾਂਦੀ ਹੈ। ਬਰਸਾਤ ਦੇ ਮੌਸਮ ਵਿਚ ਸੜਕ ‘ਤੇ ਫਿਸਲਣ ਹੋਣ ਕਾਰਨ ਇਹ ਖਤਰਾ ਹੋਰ ਵੀ ਵੱਧ ਜਾਂਦਾ ਹੈ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਢਾਕੀ ਰੋਡ ਸਮੇਤ ਪੂਰੇ ਸ਼ਹਿਰ ਵਿਚ ਵਿਸ਼ੇਸ਼ ਮੁਹਿੰਮ ਚਲਾ ਕੇ ਆਵਾਰਾ ਪਸ਼ੂਆਂ ਨੂੰ ਤੁਰੰਤ ਸੜਕਾਂ ਤੋਂ ਹਟਾ ਕੇ ਗਊਸ਼ਾਲਾਵਾਂ ਵਿਚ ਸੁਰੱਖਿਅਤ ਰੱਖਿਆ ਜਾਵੇ ਅਤੇ ਜੇਕਰ ਇਸ ਗੰਭੀਰ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਕਿਸੇ ਦਿਨ ਵੱਡਾ ਸੜਕ ਹਾਦਸਾ ਵਾਪਰ ਸਕਦਾ ਹੈ, ਜਿਸ ਦੀ ਜ਼ਿੰਮੇਵਾਰੀ ਸਬੰਧਿਤ ਵਿਭਾਗਾਂ ਤੇ ਪ੍ਰਸ਼ਾਸਨ ਦੀ ਹੋਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਆਪਣੇ ਦਾਅਵਿਆਂ ਨੂੰ ਅਮਲ ਵਿਚ ਲਿਆਉਂਦਾ ਹੈ ਜਾਂ ਫਿਰ ਸ਼ਹਿਰ ਵਾਸੀ ਇਸੇ ਤਰ੍ਹਾਂ ਆਵਾਰਾ ਪਸ਼ੂਆਂ ਵਿਚਕਾਰ ਆਪਣੀ ਜਾਨ ਜੋਖਮ ਵਿਚ ਪਾ ਕੇ ਸਫ਼ਰ ਕਰਨ ਲਈ ਮਜਬੂਰ ਰਹਿਣਗੇ।
Ad Position 22
No active advertisement
ਪਿਛਲੀ ਖ਼ਬਰ ‘ਮਾਵਾਂ ਧੀਆਂ ਦਾ ਸਤਿਕਾਰ’ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਡੀ.ਸੀ. ਨੇ ਲਿਆ ਜਾਇਜ਼ਾ ਅਗਲੀ ਖ਼ਬਰ ਸਪੈਸ਼ਲ ਕਾਡਰ ਅਧਿਆਪਕ ਫਰੰਟ (ਪੰਜਾਬ) ਵਲੋਂ 31 ਨੂੰ ਸੁਨਾਮ ਵਿਖੇ ਕੀਤਾ ਜਾਵੇਗਾ ਵਿਰੋਧ ਪ੍ਰਦਰਸ਼ਨ ਤੇ ਗੁਪਤ ਐਕਸ਼ਨ
Ad Position 24