ਸ੍ਰੀ ਹਰਿਗੋਬਿੰਦਪੁਰ, 31 ਜੁਲਾਈ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਗਰ ਕੌਂਸਲ ਦੇ ਪ੍ਰਧਾਨ ਨਵਦੀਪ ਸਿੰਘ ਪੰਨੂੰ ਨੇ ਕਿਹਾ ਸ੍ਰੀ ਹਰਿਗਬਿੰਦਪੁਰ ਵਿਖੇ ਜੋ ਪਿਛਲੇ ਲੰਬੇ ਸਮੇਂ ਤੋਂ ਨਵਾਂ ਬੱਸ ਅੱਡਾ ਬਣ ਰਿਹਾ ਸੀ ਉਹ ਹੁਣ ਲੱਗਭਗ ਬਣ ਕੇ ਤਿਆਰ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਬੱਸ ਅੱਡਾ ਤਿਆਰ ਕਰਵਾਉਣ ਵਾਲੇ ਠੇਕੇਦਾਰ ਵਲੋਂ ਤਕਰੀਬਨ ਅੱਡਾ ਬਣਾਉਣ ਦਾ ਕੰਮ ਮੁਕੰਮਲ ਕਰ ਲਿਆ ਹੈ ਤੇ ਜਲਦ ਹੀ ਇਲਾਕਾ ਤੇ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਨਵੇਂ ਬੱਸ ਅੱਡੇ ਤੋਂ ਵੱਖ-ਵੱਖ ਸ਼ਹਿਰਾਂ ਨੂੰ ਜਾਣ ਵਾਲੀਆਂ ਬੱਸਾਂ ਰਵਾਨਾ ਹੋਇਆ ਕਰਨਗੀਆਂ। ਪ੍ਰਧਾਨ ਨਵਦੀਪ ਸਿੰਘ ਪੰਨੂੰ ਨੇ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਹੀ ਨਵੇਂ ਬੱਸ ਅੱਡਾ ਦਾ ਉਦਘਾਟਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੱਸ ਅੱਡੇ ਬਣਾਉਣ ਵਾਲੇ ਮਹਿਕਮੇ ਦੇ ਅਧਿਕਾਰੀਆਂ ਨਾਲ ਇਸ ਮਸਲੇ ਸੰਬਧੀ ਬੈਠਕ ਹੋ ਚੁੱਕੀ ਹੈ ਅਤੇ ਉਨ੍ਹਾਂ ਨੇ ਵਿਸ਼ਵਾਸ਼ ਦਿਵਾਇਆ ਕਿ ਜੋ ਇੱਕਾ-ਦੁੱਕਾ ਛੋਟਾ-ਮੋਟਾ ਕੰਮ ਅਧੂਰਾ ਰਹਿ ਗਿਆ ਹੈ ਉਸ ਨੂੰ ਵੀ ਮੁਕੰਮਲ ਕੀਤਾ ਜਾ ਰਿਹਾ ਹੈ। ਇਸ ਸਮੇਂ ਐੱਮ.ਐੱਸ. ਬਾਲਾ ਜੀ ਬਟਾਲਾ, ਜੇ.ਈ.ਮਨਪ੍ਰੀਤ ਸਿੰਘ, ਠੇਕੇਦਾਰ ਤਰਵਿੰਦਰਪਾਲ ਸਿੰਘ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ, ਕਾਕੂ ਸਲਹੋਤਰਾ, ਬਾਬਾ ਧਰਮਿੰਦਰ ਸਿੰਘ, ਗੁਰਜੰਟ ਸਿੰਘ, ਸੁਰਜੀਤ ਸਿੰਘ ਭਿੰਡਰ ਆਦਿ ਹਾਜ਼ਰ ਸਨ।