ਨਰੋਟ ਜੈਮਲ ਸਿੰਘ ਦੇ ਸ਼ਮਸ਼ਾਨਘਾਟ ਦੀ ਬਦਹਾਲੀ ਨੇ ਖੋਲ੍ਹੀ ਵਿਕਾਸ ਦੇ ਦਾਅਵਿਆਂ ਦੀ ਪੋਲ
ਬਮਿਆਲ, 1 ਅਗਸਤ (ਰਾਕੇਸ਼ ਸ਼ਰਮਾ)-ਜ਼ਿਲ੍ਹਾ ਪਠਾਨਕੋਟ ਦੀ ਨਗਰ ਪੰਚਾਇਤ ਨਰੋਟ ਜੈਮਲ ਸਿੰਘ ਦੇ ਸ਼ਮਸ਼ਾਨਘਾਟ ਦੀ ਬਦਹਾਲ ਹਾਲਤ ਨੇ ਇਕ ਵਾਰ ਫਿਰ ਵਿਕਾਸ ਦੇ ਦਾਅਵਿਆਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਬੀਤੇ ਦਿਨ ਇਕ ਪਰਿਵਾਰ ਨੂੰ ਆਪਣੇ ਜੀਅ ਦਾ ਅੰਤਿਮ ਸਸਕਾਰ ਅਜਿਹੀਆਂ ਮਜਬੂਰੀ ਵਾਲੀਆਂ ਹਾਲਤਾਂ ਵਿਚ ਕਰਨਾ ਪਿਆ ਕਿ ਸ਼ਮਸ਼ਾਨਘਾਟ ਵਿਚ ਮੀਂਹ ਦਾ ਪਾਣੀ ਖੜ੍ਹਾ ਸੀ।
ਖ
ਖਸਤਾ ਹਾਲਤ ਵਿਚ ਸ਼ਮਸ਼ਾਨਘਾਟ ਅਤੇ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰ। ਤਸਵੀਰਾਂ: ਰਾਕੇਸ਼ ਸ਼ਰਮਾ
02-08-2026
ਬਮਿਆਲ, 1 ਅਗਸਤ (ਰਾਕੇਸ਼ ਸ਼ਰਮਾ)-ਜ਼ਿਲ੍ਹਾ ਪਠਾਨਕੋਟ ਦੀ ਨਗਰ ਪੰਚਾਇਤ ਨਰੋਟ ਜੈਮਲ ਸਿੰਘ ਦੇ ਸ਼ਮਸ਼ਾਨਘਾਟ ਦੀ ਬਦਹਾਲ ਹਾਲਤ ਨੇ ਇਕ ਵਾਰ ਫਿਰ ਵਿਕਾਸ ਦੇ ਦਾਅਵਿਆਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਬੀਤੇ ਦਿਨ ਇਕ ਪਰਿਵਾਰ ਨੂੰ ਆਪਣੇ ਜੀਅ ਦਾ ਅੰਤਿਮ ਸਸਕਾਰ ਅਜਿਹੀਆਂ ਮਜਬੂਰੀ ਵਾਲੀਆਂ ਹਾਲਤਾਂ ਵਿਚ ਕਰਨਾ ਪਿਆ ਕਿ ਸ਼ਮਸ਼ਾਨਘਾਟ ਵਿਚ ਮੀਂਹ ਦਾ ਪਾਣੀ ਖੜ੍ਹਾ ਸੀ। ਜਦਕਿ ਸਸਕਾਰ ਵਾਲੀ ਥਾਂ ਦੀ ਛੱਤ ਬੁਰੀ ਤਰ੍ਹਾਂ ਜਰਜਰ ਹੋਣ ਕਾਰਨ ਮੀਂਹ ਦਾ ਪਾਣੀ ਸਿੱਧਾ ਮ੍ਰਿਤਕ ਦੇਹ ਉੱਪਰ ਡਿੱਗ ਰਿਹਾ ਸੀ। ਪਰਿਵਾਰ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਕਰ ਦਿੱਤੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਗਾਤਾਰ ਮੀਂਹ ਕਾਰਨ ਸਾਰੀਆਂ ਲੱਕੜਾਂ ਭਿੱਜ ਚੁੱਕੀਆਂ ਸਨ, ਜਿਸ ਕਾਰਨ ਉਨ੍ਹਾਂ ਨੂੰ ਮਜਬੂਰੀ ਵੱਸ ਸ਼ਮਸ਼ਾਨਘਾਟ ਅੰਦਰ ਬਣੇ ਪੁਰਾਣੇ ਵਿਸ਼ਰਾਮ ਘਰ ਵਿਚ ਅੰਤਿਮ ਸਸਕਾਰ ਕਰਨਾ ਪਿਆ। ਉਨ੍ਹਾਂ ਦੋਸ਼ ਲਗਾਇਆ ਕਿ ਹਿੰਦੂ ਰੀਤੀ-ਰਿਵਾਜ ਅਨੁਸਾਰ ਲੱਕੜਾਂ ਨਾਲ ਸਸਕਾਰ ਹੋਣਾ ਚਾਹੀਦਾ ਸੀ। ਪਰ ਹਾਲਾਤ ਇੰਨੇ ਮਾੜੇ ਸਨ ਕਿ ਚਿਤਾ ਨੂੰ ਅੱਗ ਦੇਣ ਲਈ ਕਰੀਬ 40 ਲੀਟਰ ਡੀਜ਼ਲ ਦੀ ਵਰਤੋਂ ਕਰਨੀ ਪਈ। ਪਰਿਵਾਰ ਨੇ ਪੰਜਾਬ ਸਰਕਾਰ ਅਤੇ ਸਥਾਨਿਕ ਪ੍ਰਸ਼ਾਸਨ ਨੂੰ ਇਸ ਸਥਿਤੀ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਸੌ ਸਾਲ ਪੁਰਾਣੇ ਸ਼ਮਸ਼ਾਨਘਾਟ ਦੀ ਅੱਜ ਤੱਕ ਢੰਗ ਨਾਲ ਮੁਰੰਮਤ ਨਹੀਂ ਕਰਵਾਈ ਗਈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮ੍ਰਿਤਕ ਦੇ 13 ਦਿਨਾਂ ਦੇ ਭੋਗ ਤੋਂ ਬਾਅਦ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਚੱਕਾ ਜਾਮ ਅਤੇ ਧਰਨਾ ਦੇ ਕੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਇਸ ਮੌਕੇ ਨਗਰ ਕੌਂਸਲ ਮੈਂਬਰ ਨਿਸ਼ੂ ਸ਼ਰਮਾ, ਸੂਰਜ ਸ਼ਰਮਾ, ਰਿਸੂ ਮ੍ਹਾਜਾ, ਰੋਨਿਤ ਸ਼ਰਮਾ, ਹਰਸ਼ ਸ਼ਰਮਾ, ਮਿੱਤੂ ਕੁਮਾਰ ਐਮ.ਸੀ ਨੇ ਦੱਸਿਆ ਕਿ ਇਹ ਸ਼ਮਸ਼ਾਨਘਾਟ ਕਰੀਬ 100 ਸਾਲ ਪੁਰਾਣਾ ਹੈ, ਜਿਸ ਨੂੰ ਪਿੰਡ ਦੇ ਬਜ਼ੁਰਗਾਂ ਨੇ ਆਪਣੇ ਖ਼ਰਚੇ ਨਾਲ ਤਿਆਰ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ‘ਤੇ ਪੰਚਾਇਤ ਵਲੋਂ ਇਕ-ਦੋ ਵਾਰ ਗਰਾਂਟ ਰਾਹੀਂ ਕੁਝ ਕੰਮ ਕਰਵਾਇਆ ਗਿਆ। ਪਰ ਪਿਛਲੇ ਲੰਬੇ ਸਮੇਂ ਤੋਂ ਨਾ ਤਾਂ ਇਸ ਦੀ ਮੁਰੰਮਤ ਹੋਈ ਹੈ ਅਤੇ ਨਾ ਹੀ ਕੋਈ ਵਿਕਾਸ ਕਾਰਜ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸ ਵੇਲੇ ਸ਼ਮਸ਼ਾਨਘਾਟ ਦੀ ਹਾਲਤ ਬਿਲਕੁਲ ਖੰਡਰ ਵਰਗੀ ਬਣ ਚੁੱਕੀ ਹੈ। ਅੰਤਿਮ ਸੰਸਕਾਰ ਵਾਲੀ ਥਾਂ ਦੀ ਛੱਤ ਜਰਜਰ ਹੋ ਚੁੱਕੀ ਹੈ, ਚਾਰ ਦੀਵਾਰੀ ਟੁੱਟੀ ਹੋਈ ਹੈ ਅਤੇ ਨਾ ਹੀ ਪੀਣ ਵਾਲੇ ਪਾਣੀ ਸਮੇਤ ਕੋਈ ਬੁਨਿਆਦੀ ਸਹੂਲਤ ਮੌਜੂਦ ਹੈ। ਉਨ੍ਹਾਂ ਕਿਹਾ ਕਿ ਕਰੀਬ 7 ਤੋਂ 11 ਹਜ਼ਾਰ ਦੀ ਆਬਾਦੀ ਵਾਲੇ ਨਰੋਟ ਜੈਮਲ ਸਿੰਘ ਨੂੰ ਨਗਰ ਪੰਚਾਇਤ ਦਾ ਦਰਜਾ ਮਿਲਣ ਦੇ ਬਾਵਜੂਦ ਲੋਕਾਂ ਨੂੰ ਇਕ ਸੁਰੱਖਿਅਤ ਅਤੇ ਸੁਵਿਧਾਜਨਕ ਸ਼ਮਸ਼ਾਨਘਾਟ ਵੀ ਨਸੀਬ ਨਹੀਂ ਹੋਇਆ ਜੋ ਕਿ ਸਰਕਾਰ ਅਤੇ ਪ੍ਰਸ਼ਾਸਨ ਦੀ ਨਾਕਾਮੀ ਨੂੰ ਦਰਸਾਉਂਦਾ ਹੈ। ਨਿਸ਼ੂ ਸ਼ਰਮਾ ਅਤੇ ਮਿੱਤੂ ਕੁਮਾਰ ਨੇ ਮੰਗ ਕੀਤੀ ਕਿ ਸ਼ਮਸ਼ਾਨਘਾਟ ਦਾ ਤੁਰੰਤ ਨਵੀਨੀਕਰਨ ਕਰਵਾਇਆ ਜਾਵੇ ਅਤੇ ਛੱਤ, ਚਾਰਦੀਵਾਰੀ, ਪਾਣੀ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਭਵਿੱਖ ਵਿਚ ਕਿਸੇ ਵੀ ਪਰਿਵਾਰ ਨੂੰ ਅੰਤਿਮ ਸੰਸਕਾਰ ਅਜਿਹੀਆਂ ਦੁਖਦਾਈ ਅਤੇ ਅਣਮਨੁੱਖੀ ਹਾਲਤਾਂ ਵਿਚ ਨਾ ਕਰਨਾ ਪਵੇ।