ਭੋਗ ’ਤੇ ਵਿਸ਼ੇਸ਼ :
ਟਕਸਾਲੀ ਅਕਾਲੀਆਂ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਸਨ ਮਾਸਟਰ ਧੀਰਜ ਸਿੰਘ
ਘੱਲੂਘਾਰਾ ਸਾਹਿਬ/ਡੇਹਰੀਵਾਲ ਦਰੋਗਾ- ਟਕਸਾਲੀ ਅਕਾਲੀ ਆਗੂ ‘ਮਾਸਟਰ ਧੀਰਜ ਸਿੰਘ ਜੀ ਬਹੂਰੀਆਂ ਸੈਣੀਆਂ’, ਜਿਨਾਂ ਨੇ ਸਿਆਸਤ ਦੀ ਚੇਟਕ ਆਪਣੇ ਪਿਤਾ ਮਾਸਟਰ ਪਿਆਰਾ ਸਿੰਘ ਕੋਲੋਂ ਲਈ ਸੀ। ਮਾਸਟਰ ਧੀਰਜ ਸਿੰਘ ਜੀ ਦਾ ਜਨਮ ਪਹਿਲੀ ਦਸੰਬਰ 1937 ਨੂੰ ਪਿੰਡ ਸੋਹਲ, ਜ਼ਿਲ੍ਹਾ ਗੁਰਦਾਸਪੁਰ ਵਿਖੇ ਮਾਤਾ ਕਿਸ਼ਨ ਕੌਰ ਦੀ ਕੁੱਖੋਂ ਹੋਇਆ।
ਘੱਲੂਘਾਰਾ ਸਾਹਿਬ/ਡੇਹਰੀਵਾਲ ਦਰੋਗਾ- ਟਕਸਾਲੀ ਅਕਾਲੀ ਆਗੂ ‘ਮਾਸਟਰ ਧੀਰਜ ਸਿੰਘ ਜੀ ਬਹੂਰੀਆਂ ਸੈਣੀਆਂ’, ਜਿਨਾਂ ਨੇ ਸਿਆਸਤ ਦੀ ਚੇਟਕ ਆਪਣੇ ਪਿਤਾ ਮਾਸਟਰ ਪਿਆਰਾ ਸਿੰਘ ਕੋਲੋਂ ਲਈ ਸੀ। ਮਾਸਟਰ ਧੀਰਜ ਸਿੰਘ ਜੀ ਦਾ ਜਨਮ ਪਹਿਲੀ ਦਸੰਬਰ 1937 ਨੂੰ ਪਿੰਡ ਸੋਹਲ, ਜ਼ਿਲ੍ਹਾ ਗੁਰਦਾਸਪੁਰ ਵਿਖੇ ਮਾਤਾ ਕਿਸ਼ਨ ਕੌਰ ਦੀ ਕੁੱਖੋਂ ਹੋਇਆ। ਪਿਤਾ ਮਾਸਟਰ ਪਿਆਰਾ ਸਿੰਘ ਪਿੰਡ ਬਹੂਰੀਆ ਸੈਣੀਆਂ ਕਾਹਨੂੰਵਾਨ ਛੰਭ ਵਿਚ ਇਕ ਵੱਡਾ ਸਿਆਸੀ ਤੇ ਸਮਾਜਿਕ ਰਸੂਖ ਰੱਖਦੇ ਸਨ, ਉਸ ਦੇ ਨਾਲ-ਨਾਲ ਉਹ ਸਮਾਜ ਸੇਵਾ ਅਤੇ ਮੌਕੇ ਦੀਆਂ ਸਰਕਾਰਾਂ ਵਿਚ ਜਾਣਿਆ-ਪਹਿਚਾਣਿਆ ਚਿਹਰਾ ਸਨ। ਮਾਸਟਰ ਧੀਰਜ ਸਿੰਘ ਜੀ ਹੁਰਾਂ ਨੇ ਮੁੱਢਲੀ ਸਿੱਖਿਆ ਪਿੰਡ ਚੱਕ ਸ਼ਰੀਫ ਤੋਂ ਪ੍ਰਾਪਤ ਕੀਤੀ ਅਤੇ ਮੈਟ੍ਰਿਕ ਤੋਂ ਇਲਾਵਾ ਉਚੇਰੀ ਸਿੱਖਿਆ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਭੰਗਾਲਾ ਵਿਚ ਆਪਣੇ ਨਾਨਕੇ ਪਿੰਡ ਸਨੀ ਚਨੌਰ ਵਿਚ ਰਹਿ ਕੇ ਪ੍ਰਾਪਤ ਕੀਤੀ। ਇਸ ਉਪਰੰਤ ਉਨ੍ਹਾਂ ਨੇ ਅਧਿਆਪਨ ਦੇ ਕਿੱਤੇ ਨੂੰ ਅਪਣਾਉਂਦੇ ਹੋਏ ਜੇ.ਬੀ.ਟੀ. ਦਾ ਕੋਰਸ ਵੀ ਜਿਲਾ ਹੁਸ਼ਿਆਰਪੁਰ ਦੇ ਕਸਬਾ ਢੋਲ ਬਾਹਾ ਤੋਂ ਕੀਤਾ। ਉਨ੍ਹਾਂ ਦਾ ਇਹ ਅਧਿਆਪਨ ਦਾ ਕੋਰਸ ਖਤਮ ਹੁੰਦੇ ਹੀ, ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸੇਵਾਵਾਂ ਵਿਚ ਬਤੌਰ ਅਧਿਆਪਕ ਸ਼ਾਮਿਲ ਹੋ ਗਏ। ਉਨ੍ਹਾਂ ਲਗਭਗ 30 ਸਾਲ ਦੇ ਕਰੀਬ ਪੰਜਾਬ ਸਕੂਲ ਸਿੱਖਿਆ ਵਿਭਾਗ ਵਿਚ ਆਪਣੀਆਂ ਸੇਵਾਵਾਂ ਦਿੱਤੀਆਂ, ਉਨ੍ਹਾਂ ਦੇ ਘਰ ਇਕ ਸਪੁੱਤਰੀ ਹਰਕਮਲ ਕੌਰ, ਤਿੰਨ ਸਪੁੱਤਰਾਂ ਸਰਪੰਚ ਗੁਰਵਿੰਦਰ ਸਿੰਘ, ਐਮ.ਡੀ. ਸੁਖਪਾਲ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਕੰਵਲਪ੍ਰੀਤ ਸਿੰਘ ਕਾਕੀ ਨੇ ਜਨਮ ਲਿਆ। ਅੱਜ ਮਾਸਟਰ ਧੀਰਜ ਸਿੰਘ ਦੇ ਪਰਿਵਾਰ ਦੇ ਬਹੁਤ ਸਾਰੇ ਮੈਂਬਰ ਵਿਦੇਸ਼ਾਂ ਵਿਚ ਵੀ ਸੈਟਲ ਹੋ ਕੇ ਨਾਮਣਾ ਖੱਟ ਰਹੇ ਹਨ ਅਤੇ ਉਨ੍ਹਾਂ ਦੇ ਸਪੁੱਤਰ, ਪੋਤਰੇ, ਦੋਹਤਰੇ ਵੀ ਸਮਾਜ ਵਿਚ ਵੱਡਾ ਮਾਣ-ਸਨਮਾਨ ਅਤੇ ਕਾਰੋਬਾਰਾਂ ਦੇ ਸੰਚਾਲਕ ਹਨ। ਉਨ੍ਹਾਂ ਦੇ ਪਿਤਾ ਮਾਸਟਰ ਪਿਆਰਾ ਸਿੰਘ ਨਾਲ ਉਸ ਮੌਕੇ ਤਤਕਾਲੀ ਅਕਾਲੀ ਆਗੂ ਸ: ਸਤਨਾਮ ਸਿੰਘ ਬਾਜਵਾ ਅਤੇ ਹੋਰ ਜ਼ਿਲ੍ਹੇ ਦੇ ਅਕਾਲੀ ਜਥੇਦਾਰਾਂ ਨਾਲ ਨੇੜਲੇ ਸੰਬੰਧ ਸਨ, ਜਿਨਾਂ ਵਿਚ ਉਜਾਗਰ ਸਿੰਘ ਸੇਖਵਾਂ, ਮਹਿੰਦਰ ਸਿੰਘ ਬੱਬੇਹਾਲੀ ਆਦਿ ਵੀ ਮੁੱਖ ਤੌਰ ’ਤੇ ਸਨ। 1985 ਵਿਚ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਦੀ ਅਗਵਾਈ ਵੇਲੇ ਉਨ੍ਹਾਂ ਨੂੰ ਪਹਿਲੀ ਵਾਰ ਮਾਰਕੀਟ ਕਮੇਟੀ ਕਾਹਨੂੰਵਾਨ ਦੇ ਚੇਅਰਮੈਨ ਬਣਨ ਦਾ ਸੁਭਾਗ ਪ੍ਰਾਪਤ ਹੋਇਆ। ਮਾਰਕੀਟ ਕਮੇਟੀ ਦੇ ਚੇਅਰਮੈਨ ਹੋਣ ਦੇ ਸਮੇਂ ਉਨ੍ਹਾਂ ਵਲੋਂ ਕੀਤੇ ਕੰਮ ਅੱਜ ਵੀ ਯਾਦ ਕੀਤੇ ਜਾਂਦੇ ਹਨ ਅਤੇ ਦਫਤਰ ਵਿਚ ਲੱਗੇ ਹੋਏ ਨਾਮਕਰਨ ਬੋਰਡ ਉੱਤੇ ਮਾਸਟਰ ਧੀਰਜ ਸਿੰਘ ਜੀ ਦਾ ਨਾਂਅ ਸਭ ਤੋਂ ਉੱਪਰ ਸੁਭਾਏਮਾਨ ਹੈ। ਅਖੀਰਲੇ ਦਮ ਤੱਕ ਉਹ ਜ਼ਿਲ੍ਹੇ ਦੀ ਲੀਡਰਸ਼ਿਪ ਅਤੇ ਸ: ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸੁੱਚਾ ਸਿੰਘ ਲੰਗਾਹ, ਸੇਵਾ ਸਿੰਘ ਸੇਖਵਾਂ ਵਰਗੇ ਆਗੂਆਂ ਨਾਲ ਅਕਾਲੀ ਦਲ ਤੇ ਪੰਜਾਬ ਦੇ ਬਿਹਤਰ ਭਵਿੱਖ ਲਈ ਵਿਚਾਰ ਕਰਨ ਦੇ ਤਤਪਰ ਰਹਿੰਦੇ ਸਨ। ਅੱਜ ਸਮਾਜ ਦੀਆਂ ਵੱਖ-ਵੱਖ ਸ਼ਖਸ਼ੀਅਤਾਂ, ਰਾਜਨੀਤਿਕ ਪਾਰਟੀਆਂ, ਧਾਰਮਿਕ ਤੇ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਸੈਂਕੜੇ ਲੋਕ ਮਰਹੂਮ ਮਾਸਟਰ ਧੀਰਜ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਵਿਖੇ ਜੁੜਨਗੇ। -ਪਰਮ ਮਿਨਹਾਸ, ਹਰਦੀਪ ਸਿੰਘ ਸੰਧੂ