ਜ਼ਿਲ੍ਹਾ ਪਠਾਨਕੋਟ ਦੇ ਭੋਆ ’ਚ ‘ਆਪ’ ਦੀ ਟਿਕਟ ਲਈ ਠੇਕੇਦਾਰ ਅਮਰਜੀਤ ਸਿੰਘ ਦੀ ਦਾਅਵੇਦਾਰੀ ਚਰਚਾ ’ਚ
ਪਠਾਨਕੋਟ , 4 ਅਕਤੂਬਰ (ਸੰਧੂ)- ਜਿਵੇਂ-ਜਿਵੇਂ 2027 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਆਪਣੀ-ਆਪਣੀ ਪਾਰਟੀਆਂ ਲਈ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਆਗੂਆਂ ਵਲੋਂ ਆਪਣੇ-ਆਪਣੇ ਵਿਧਾਨ ਸਭਾ ਹਲਕਿਆਂ ਤੋਂ ਆਪਣੀ-ਆਪਣੀ ਦਾਅਵੇਦਾਰੀ ਠੋਕੀ ਜਾ ਰਹੀ ਹੈ । ਇਸ ਦੇ ਤਹਿਤ ਜ਼ਿਲ੍ਹਾ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਭੋਆ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਹੌਲੀ-ਹੌਲੀ ਤੇਜ਼ ਹੋਣ ਲੱਗੀਆਂ ਹਨ ।
ਜ਼
ਜ਼ਿਲ੍ਹਾ ਪਠਾਨਕੋਟ ਦੇ ਹਲਕਾ ਭੋਆ ਤੋਂ ਮੌਜੂਦਾ ਵਿਧਾਇਕ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਠੇਕੇਦਾਰ ਅਮਰਜੀਤ ਸਿੰਘ ।
05-10-2026
ਪਠਾਨਕੋਟ , 4 ਅਕਤੂਬਰ (ਸੰਧੂ)- ਜਿਵੇਂ-ਜਿਵੇਂ 2027 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਆਪਣੀ-ਆਪਣੀ ਪਾਰਟੀਆਂ ਲਈ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਆਗੂਆਂ ਵਲੋਂ ਆਪਣੇ-ਆਪਣੇ ਵਿਧਾਨ ਸਭਾ ਹਲਕਿਆਂ ਤੋਂ ਆਪਣੀ-ਆਪਣੀ ਦਾਅਵੇਦਾਰੀ ਠੋਕੀ ਜਾ ਰਹੀ ਹੈ । ਇਸ ਦੇ ਤਹਿਤ ਜ਼ਿਲ੍ਹਾ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਭੋਆ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਹੌਲੀ-ਹੌਲੀ ਤੇਜ਼ ਹੋਣ ਲੱਗੀਆਂ ਹਨ । ਆਮ ਆਦਮੀ ਪਾਰਟੀ ਵਲੋਂ ਅਗਲੀ ਚੋਣ ਵਿਚ ਉਮੀਦਵਾਰ ਦੀ ਚੋਣ ਨੂੰ ਲੈ ਕੇ ਹਾਲਾਂਕਿ ਅਜੇ ਕੋਈ ਅਧਿਕਾਰਤ ਫੈਸਲਾ ਸਾਹਮਣੇ ਨਹੀਂ ਆਇਆ, ਪਰ ਪਾਰਟੀ ਨਾਲ ਲੰਮੇ ਸਮੇਂ ਤੋਂ ਜੁੜੇ ਠੇਕੇਦਾਰ ਅਮਰਜੀਤ ਸਿੰਘ ਦੀ ਦਾਅਵੇਦਾਰੀ ਨੇ ਹਲਕੇ ਦੀ ਸਿਆਸੀ ਚਰਚਾ ਨੂੰ ਗਰਮਾ ਦਿੱਤਾ ਹੈ । ਠੇਕੇਦਾਰ ਅਮਰਜੀਤ ਸਿੰਘ ਦੀ ਸਿਆਸੀ ਸਰਗਰਮੀ ਦਾ ਇਕ ਮਹੱਤਵਪੂਰਨ ਪੱਖ ਇਹ ਹੈ ਕਿ ਉਹ 2017 ਵਿਚ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਹਲਕਾ ਭੋਆ ਤੋਂ ਵਿਧਾਨ ਸਭਾ ਚੋਣ ਲੜ ਚੁੱਕੇ ਹਨ । ਇਸ ਤਰ੍ਹਾਂ ਉਨ੍ਹਾਂ ਕੋਲ ਹਲਕੇ ਦੀ ਚੋਣੀ ਸਿਆਸਤ ਅਤੇ ਪਾਰਟੀ ਦੇ ਚੋਣੀ ਢਾਂਚੇ ਨਾਲ ਜੁੜ ਕੇ ਕੰਮ ਕਰਨ ਦਾ ਪਹਿਲਾਂ ਦਾ ਤਜਰਬਾ ਵੀ ਹੈ । ਠੇਕੇਦਾਰ ਅਮਰਜੀਤ ਸਿੰਘ ਸਾਲ 2015 ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ । ਪਾਰਟੀ ਦੇ ਸ਼ੁਰੂਆਤੀ ਦੌਰ ਤੋਂ ਹੀ ਉਨ੍ਹਾਂ ਵਲੋਂ ਹਲਕੇ ਦੇ ਪਿੰਡਾਂ ਵਿਚ ਜਾ ਕੇ ਵਰਕਰਾਂ ਅਤੇ ਲੋਕਾਂ ਨਾਲ ਸੰਪਰਕ ਬਣਾਉਣ ਅਤੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਉਣ ’ਤੇ ਜ਼ੋਰ ਦਿੱਤਾ ਜਾਂਦਾ ਰਿਹਾ ਹੈ । ਉਨ੍ਹਾਂ ਦਾ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੇ ਰਹਿਣ ਕਾਰਨ ਹਲਕੇ ਦੇ ਸੰਗਠਨਾਤਮਿਕ ਮਾਮਲਿਆਂ ਅਤੇ ਵਰਕਰਾਂ ਨਾਲ ਉਨ੍ਹਾਂ ਦਾ ਲਗਾਤਾਰ ਸੰਪਰਕ ਰਿਹਾ ਹੈ। ਮੌਜੂਦਾ ਸਮੇਂ ਵਿਚ ਉਹ ਆਮ ਆਦਮੀ ਪਾਰਟੀ ਦੇ ਐਸ.ਸੀ. ਵਿੰਗ ਵਿਚ ਸੂਬਾ ਸਕੱਤਰ ਅਤੇ ਮਾਝਾ ਜ਼ੋਨ ਪ੍ਰਭਾਰੀ ਵਜੋਂ ਜ਼ਿੰਮੇਵਾਰੀ ਨਿਭਾਅ ਰਹੇ ਹਨ । ਹਲਕਾ ਭੋਆ ਵਿਚ ਇਸ ਸਮੇਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਲ ਚੰਦ ਕਟਾਰੂਚੱਕ ਹਨ, ਜੋ ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਦੀ ਜ਼ਿੰਮੇਵਾਰੀ ਵੀ ਨਿਭਾਅ ਰਹੇ ਹਨ । ਅਜਿਹੇ ਸਿਆਸੀ ਮਾਹੌਲ ਵਿਚ ਠੇਕੇਦਾਰ ਅਮਰਜੀਤ ਸਿੰਘ ਦੀ 2027 ਲਈ ਪਾਰਟੀ ਦੀ ਟਿਕਟ ਦੀ ਦਾਅਵੇਦਾਰੀ ਦੀਆਂ ਚਰਚਾਵਾਂ ਨੂੰ ਹਲਕੇ ਦੀ ਆਮ ਆਦਮੀ ਪਾਰਟੀ ਸਿਆਸਤ ਵਿਚ ਇਕ ਹੋਰ ਮਹੱਤਵਪੂਰਨ ਪੱਖ ਵਜੋਂ ਦੇਖਿਆ ਜਾ ਰਿਹਾ ਹੈ । ਅਮਰਜੀਤ ਸਿੰਘ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੰਮੀ ਸੰਗਠਨਾਤਮਿਕ ਸਰਗਰਮੀ, 2017 ਦੀ ਚੋਣ ਦਾ ਤਜਰਬਾ ਅਤੇ ਪਿੰਡ ਪੱਧਰ ’ਤੇ ਵਰਕਰਾਂ ਨਾਲ ਸੰਪਰਕ ਉਨ੍ਹਾਂ ਦੀ ਸਿਆਸੀ ਯਾਤਰਾ ਦੇ ਮੁੱਖ ਪੱਖ ਹਨ । ਹੁਣ ਉਨ੍ਹਾਂ ਦੀ ਨਜ਼ਰ 2027 ਦੀ ਵਿਧਾਨ ਸਭਾ ਚੋਣ ਲਈ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਹੈ । ਫਿਲਹਾਲ ਭੋਆ ਵਿਚ ਆਮ ਆਦਮੀ ਪਾਰਟੀ ਦੀ ਟਿਕਟ ਨੂੰ ਲੈ ਕੇ ਸਿਆਸੀ ਚਰਚਾ ਸ਼ੁਰੂਆਤੀ ਪੜਾਅ ’ਤੇ ਹੈ । ਆਉਣ ਵਾਲੇ ਸਮੇਂ ਵਿਚ ਪਾਰਟੀ ਵਲੋਂ ਉਮੀਦਵਾਰ ਬਾਰੇ ਲਿਆ ਜਾਣ ਵਾਲਾ ਫੈਸਲਾ ਹੀ ਤੈਅ ਕਰੇਗਾ ਕਿ ਭੋਆ ਤੋਂ 2027 ਦੀ ਚੋਣ ਲਈ ਮੈਦਾਨ ਵਿਚ ਕੌਣ ਉਤਰਦਾ ਹੈ ।