ਰਣਜੀਤਗੜ੍ਹ ਡਿਵੈਲਪਮੈਂਟ ਅਥਾਰਿਟੀ ਬਿੱਲ 2026 ਪਠਾਨਕੋਟ ਦੇ ਵਿਕਾਸ ਦੀ ਨਵੀਂ ਉਮੀਦ ਜਾਂ ਨਵੀਂ ਚੁਣੌਤੀ
ਪਠਾਨਕੋਟ, 13 ਅਕਤੂਬਰ (ਸੁਮਿਤ)-ਜ਼ਿਲ੍ਹੇ ’ਚ ਰਣਜੀਤਗੜ੍ਹ ਡਿਵੈਲਪਮੈਂਟ ਅਥਾਰਿਟੀ ਬਿੱਲ 2026 ਨੂੰ ਲੈ ਕੇ ਵਿਕਾਸ ਦੀਆਂ ਨਵੀਆਂ ਉਮੀਦਾਂ ਜਾਗੀਆਂ ਹਨ । ਇਸ ਪ੍ਰਸਤਾਵ ਦਾ ਉਦੇਸ਼ ਰਣਜੀਤ ਸਾਗਰ ਡੈਮ ਤੇ ਸ਼ਾਹਪੁਰ ਕੰਢੀ ਡੈਮ ਦੇ ਆਲੇ-ਦੁਆਲੇ ਦੇ ਇਲਾਕਿਆਂ ਦਾ ਯੋਜਨਾਬੱਧ ਤੇ ਟਿਕਾਊ ਵਿਕਾਸ ਕਰਨਾ ਦੱਸਿਆ ਜਾ ਰਿਹਾ ਹੈ ।
ਐ
ਐਡਵੋਕੇਟ ਤੁਸ਼ਾਰ ਮਿਨਹਾਸ
14-10-2026
ਪਠਾਨਕੋਟ, 13 ਅਕਤੂਬਰ (ਸੁਮਿਤ)-ਜ਼ਿਲ੍ਹੇ ’ਚ ਰਣਜੀਤਗੜ੍ਹ ਡਿਵੈਲਪਮੈਂਟ ਅਥਾਰਿਟੀ ਬਿੱਲ 2026 ਨੂੰ ਲੈ ਕੇ ਵਿਕਾਸ ਦੀਆਂ ਨਵੀਆਂ ਉਮੀਦਾਂ ਜਾਗੀਆਂ ਹਨ । ਇਸ ਪ੍ਰਸਤਾਵ ਦਾ ਉਦੇਸ਼ ਰਣਜੀਤ ਸਾਗਰ ਡੈਮ ਤੇ ਸ਼ਾਹਪੁਰ ਕੰਢੀ ਡੈਮ ਦੇ ਆਲੇ-ਦੁਆਲੇ ਦੇ ਇਲਾਕਿਆਂ ਦਾ ਯੋਜਨਾਬੱਧ ਤੇ ਟਿਕਾਊ ਵਿਕਾਸ ਕਰਨਾ ਦੱਸਿਆ ਜਾ ਰਿਹਾ ਹੈ । ਇਸ ਨਾਲ ਪਠਾਨਕੋਟ ਨੂੰ ਸੈਰ-ਸਪਾਟੇ ਦੇ ਨਵੇਂ ਕੇਂਦਰ ਵਜੋਂ ਵਿਕਸਿਤ ਕਰਨ ਤੇ ਸਥਾਨਕ ਆਰਥਿਕਤਾ ਨੂੰ ਮਜ਼ਬੂਤੀ ਮਿਲਣ ਦੀਆਂ ਸੰਭਾਵਨਾਵਾਂ ਹਨ । ਹਾਲਾਂਕਿ ਇਸ ਪ੍ਰਸਤਾਵ ਦੇ ਨਾਲ ਕਈ ਸਵਾਲ ਵੀ ਖੜ੍ਹੇ ਹੋ ਰਹੇ ਹਨ ਕਿ ਵਿਕਾਸ ਦਾ ਅਸਲ ਲਾਭ ਸਥਾਨਕ ਵਸਨੀਕਾਂ, ਕਿਸਾਨਾਂ, ਛੋਟੇ ਕਾਰੋਬਾਰੀਆਂ ਤੇ ਨੌਜਵਾਨਾਂ ਤੱਕ ਕਿਵੇਂ ਪਹੁੰਚੇਗਾ । ਐਡਵੋਕੇਟ ਤੁਸ਼ਾਰ ਮਿਨਹਾਸ ਦਾ ਕਹਿਣਾ ਹੈ ਕਿ ਪਠਾਨਕੋਟ ਪੰਜਾਬ, ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਵਿਚਕਾਰ ਇਕ ਮਹੱਤਵਪੂਰਨ ਸੰਪਰਕ ਖੇਤਰ ਹੈ । ਅਜਿਹੇ ’ਚ ਜੇਕਰ ਇਸ ਇਲਾਕੇ ’ਚ ਸੈਰ-ਸਪਾਟੇ ਦੀਆਂ ਸਹੂਲਤਾਂ, ਸੜਕਾਂ, ਬੁਨਿਆਦੀ ਢਾਂਚੇ ਤੇ ਰੁਜ਼ਗਾਰ ਦੇ ਮੌਕਿਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਤਾਂ ਸੈਲਾਨੀਆਂ ਦੀ ਗਿਣਤੀ ਵਿਚ ਵਾਧਾ ਹੋ ਸਕਦਾ ਹੈ । ਖ਼ਾਸ ਕਰਕੇ ਧਾਰਕਲਾਂ ਖੇਤਰ ਲਈ ਇਹ ਪਹਿਲਕਦਮੀ ਆਰਥਿਕ ਅਤੇ ਸਮਾਜਿਕ ਬਦਲਾਅ ਦਾ ਸਾਧਨ ਬਣ ਸਕਦੀ ਹੈ । ਐਡਵੋਕੇਟ ਤੁਸ਼ਾਰ ਮਿਨਹਾਸ ਨੇ ਕਿਹਾ ਕਿ ਕਿਸੇ ਵੀ ਵਿਕਾਸ ਯੋਜਨਾ ਦੀ ਸਫਲਤਾ ਸਿਰਫ਼ ਵੱਡੇ ਪ੍ਰੋਜੈਕਟ ਬਣਾਉਣ, ਸੁੰਦਰ ਸੈਰ-ਸਪਾਟਾ ਸਥਾਨ ਵਿਕਸਿਤ ਕਰਨ ਜਾਂ ਬਾਹਰੀ ਨਿਵੇਸ਼ ਨੂੰ ਆਕਰਸ਼ਿਤ ਕਰਨ ਨਾਲ ਤੈਅ ਨਹੀਂ ਹੁੰਦੀ, ਸਗੋਂ ਇਹ ਦੇਖਣਾ ਵੀ ਜ਼ਰੂਰੀ ਹੈ ਕਿ ਇਸ ਦਾ ਲਾਭ ਆਮ ਲੋਕਾਂ ਤੱਕ ਕਿੰਨਾ ਪਹੁੰਚਦਾ ਹੈ । ਉਨ੍ਹਾਂ ਕਿਹਾ ਕਿ ਧਾਰਕਲਾਂ ਖੇਤਰ ਦੇ ਵਸਨੀਕ ਲੰਬੇ ਸਮੇਂ ਤੋਂ ਵੱਖ-ਵੱਖ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ । ਤੁਸ਼ਾਰ ਨੇ ਕਿਹਾ ਕਿ ਇਸ ਪ੍ਰਸਤਾਵ ਤਹਿਤ ਵਿਕਾਸ ਦੀਆਂ ਸੰਭਾਵਨਾਵਾਂ ਦੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ, ਸਥਾਨਕ ਲੋਕਾਂ ਦੇ ਅਧਿਕਾਰਾਂ, ਵਾਤਾਵਰਨ ਦੀ ਸੁਰੱਖਿਆ ਅਤੇ ਬੁਨਿਆਦੀ ਸਹੂਲਤਾਂ ਨਾਲ ਜੁੜੇ ਮੁੱਦਿਆਂ ਬਾਰੇ ਸਪੱਸ਼ਟਤਾ ਹੋਣੀ ਜ਼ਰੂਰੀ ਹੈ । ਖੇਤਰ ਵਿਚ ਸੈਰ-ਸਪਾਟਾ ਵਧਣ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੁੱਲ੍ਹ ਸਕਦੇ ਹਨ, ਪਰ ਇਸ ਲਈ ਸਥਾਨਿਕ ਲੋਕਾਂ ਨੂੰ ਤਰਜ਼ੀਹ, ਹੁਨਰ ਸਿਖਲਾਈ ਅਤੇ ਛੋਟੇ ਕਾਰੋਬਾਰੀਆਂ ਨੂੰ ਸਹਾਇਤਾ ਦੇਣ ਵਰਗੇ ਕਦਮ ਮਹੱਤਵਪੂਰਨ ਹੋਣਗੇ । ਦੂਜੇ ਪਾਸੇ, ਡੈਮਾਂ ਅਤੇ ਕੁਦਰਤੀ ਸਥਾਨਾਂ ਦੇ ਆਲੇ-ਦੁਆਲੇ ਵਿਕਾਸ ਕਰਦੇ ਸਮੇਂ ਵਾਤਾਵਰਨ ਦਾ ਸੰਤੁਲਨ ਬਣਾਈ ਰੱਖਣਾ ਵੀ ਇਕ ਵੱਡੀ ਚੁਣੌਤੀ ਹੋਵੇਗੀ । ਐਡਵੋਕੇਟ ਤੁਸ਼ਾਰ ਮਿਨਹਾਸ ਨੇ ਦੱਸਿਆ ਕਿ ਰਣਜੀਤਗੜ੍ਹ ਡਿਵੈਲਪਮੈਂਟ ਅਥਾਰਿਟੀ ਬਿੱਲ 2026 ਪਠਾਨਕੋਟ ਅਤੇ ਖ਼ਾਸ ਕਰਕੇ ਧਾਰਕਲਾਂ ਖੇਤਰ ਲਈ ਵਿਕਾਸ ਦੀਆਂ ਨਵੀਆਂ ਸੰਭਾਵਨਾਵਾਂ ਖੋਲ੍ਹ ਸਕਦਾ ਹੈ । ਪਰ ਇਸ ਦੀ ਅਸਲ ਸਫ਼ਲਤਾ ਉਦੋਂ ਹੀ ਯਕੀਨੀ ਹੋਵੇਗੀ, ਜਦੋਂ ਯੋਜਨਾਵਾਂ ਵਿਚ ਸਥਾਨਕ ਵਸਨੀਕਾਂ ਦੀ ਭਾਗੀਦਾਰੀ ਹੋਵੇਗੀ, ਕਿਸਾਨਾਂ ਅਤੇ ਛੋਟੇ ਕਾਰੋਬਾਰੀਆਂ ਦੇ ਹਿੱਤਾਂ ਦੀ ਰੱਖਿਆ ਕੀਤੀ ਜਾਵੇਗੀ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਢੁੱਕਵੇਂ ਮੌਕੇ ਪੈਦਾ ਕੀਤੇ ਜਾਣਗੇ । ਹੁਣ ਇਲਾਕਾ ਵਾਸੀਆਂ ਦੀਆਂ ਨਜ਼ਰਾਂ ਇਸ ਗੱਲ ’ਤੇ ਟਿਕੀਆਂ ਹੋਈਆਂ ਹਨ ਕਿ ਇਹ ਪ੍ਰਸਤਾਵ ਜ਼ਮੀਨੀ ਪੱਧਰ ’ਤੇ ਕਿਸ ਰੂਪ ਵਿਚ ਲਾਗੂ ਹੁੰਦਾ ਹੈ ਅਤੇ ਆਮ ਜਨਤਾ ਨੂੰ ਇਸ ਦਾ ਕਿੰਨਾ ਲਾਭ ਮਿਲਦਾ ਹੈ, ਕਿਉਂਕਿ ਕਿਸੇ ਵੀ ਵਿਕਾਸ ਯੋਜਨਾ ਦੀ ਅਸਲ ਪਹਿਚਾਣ ਵੱਡੇ ਪ੍ਰੋਜੈਕਟ ਨਹੀਂ, ਸਗੋਂ ਆਮ ਲੋਕਾਂ ਦੇ ਜੀਵਨ ਵਿਚ ਆਉਣ ਵਾਲਾ ਸਕਾਰਾਤਮਿਕ ਬਦਲਾਅ ਹੁੰਦਾ ਹੈ ।