ਸ਼ੱਕੀ ਹਲਾਤਾਂ ’ਚ ਨੌਜਵਾਨ ਦੀ ਲਾਸ਼ ਬਰਾਮਦ
ਪਠਾਨਕੋਟ, 25 ਨਵੰਬਰ (ਸੁਮਿਤ)- ਮੁਹੱਲਾ ਭਦਰੋਆ ਵਿਖੇ ਬੀਤੀ ਰਾਤ ਇਕ 17 ਸਾਲਾ ਨੌਜਵਾਨ ਦੀ ਸ਼ੱਕੀ ਹਲਾਤਾਂ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਨੌਜਵਾਨ ਦੀ ਲਾਸ਼ ਘਰ ਦੀ ਛੱਤ ਨਾਲ ਲਟਕਦੀ ਹੋਈ ਮਿਲੀ ।
ਪਠਾਨਕੋਟ, 25 ਨਵੰਬਰ (ਸੁਮਿਤ)- ਮੁਹੱਲਾ ਭਦਰੋਆ ਵਿਖੇ ਬੀਤੀ ਰਾਤ ਇਕ 17 ਸਾਲਾ ਨੌਜਵਾਨ ਦੀ ਸ਼ੱਕੀ ਹਲਾਤਾਂ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਨੌਜਵਾਨ ਦੀ ਲਾਸ਼ ਘਰ ਦੀ ਛੱਤ ਨਾਲ ਲਟਕਦੀ ਹੋਈ ਮਿਲੀ । ਮ੍ਰਿਤਕ ਦੀ ਪਹਿਚਾਣ ਤ੍ਰੇਹਨ ਸ਼ਰਮਾ ਵਜੋਂ ਹੋਈ ਹੈ । ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ । ਮਾਮਲੇ ਵਿਚ ਸਭ ਤੋਂ ਹੈਰਾਨੀਜਨਕ ਗੱਲ ਇਹ ਸਾਹਮਣੇ ਆਈ ਹੈ ਕਿ ਮ੍ਰਿਤਕ ਦੇ ਹੱਥ-ਪੈਰ ਬੱਝੇ ਹੋਏ ਸਨ । ਇਸ ਤੋਂ ਇਲਾਵਾ ਉਸ ਵਲੋਂ ਔਰਤਾਂ ਵਾਲੀ ਡਰੈਸ ਪਹਿਨੇ ਹੋਣ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ, ਜਿਸ ਕਾਰਨ ਮਾਮਲਾ ਹੋਰ ਵੀ ਉਲਝ ਗਿਆ ਹੈ । ਪੁਲਿਸ ਵਲੋਂ ਇਨ੍ਹਾਂ ਸਾਰੇ ਪਹਿਲੂਆਂ ਨੂੰ ਧਿਆਨ ਵਿਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ । ਮੁੱਢਲੀ ਜਾਣਕਾਰੀ ਮੁਤਾਬਿਕ ਨੌਜਵਾਨ ਨੂੰ ਮੋਬਾਇਲ ਫੋਨ ’ਤੇ ਗੇਮ ਖੇਡਣ ਦੀ ਆਦਤ ਸੀ । ਹਾਲਾਂਕਿ, ਇਸ ਆਦਤ ਦਾ ਉਸ ਦੀ ਮੌਤ ਨਾਲ ਕੋਈ ਸਬੰਧ ਹੈ ਜਾਂ ਨਹੀਂ, ਇਸ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਹੋਈ ਹੈ । ਜਦੋਂ ਇਹ ਘਟਨਾ ਵਾਪਰੀ ਉਸ ਵੇਲੇ ਘਰ ਵਿਚ ਕੋਈ ਵੀ ਨਹੀਂ ਸੀ l ਫਿਲਹਾਲ ਪੁਲਿਸ ਵਲੋਂ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ । ਇਹ ਖੁਦਕੁਸ਼ੀ ਹੈ ਜਾਂ ਇਸ ਪਿੱਛੇ ਕੋਈ ਹੋਰ ਕਾਰਨ ਹੈ, ਇਸ ਦਾ ਖੁਲਾਸਾ ਪੁਲਿਸ ਜਾਂਚ ਅਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਹੋ ਸਕੇਗਾ ।