ਗੁਰੂਹਰਸਹਾਏ, 31 ਦਸੰਬਰ (ਕਪਿਲ ਕੰਧਾਰੀ)-ਸ਼੍ਰੀ ਖਾਟੂ ਸ਼ਾਮ ਦੀ ਗਿਆਰਸ ਨੂੰ ਮੱੁਖ ਰੱਖਦਿਆਂ ਆਦਰਸ਼ ਨਗਰ ਵਿਖੇ ਬਣੇ ਸ਼੍ਰੀ ਖਾਟੂ ਸ਼ਾਮ ਮੰਦਿਰ ਦੇ ਸਾਹਮਣੇ ਬਣੀ ਭਗਵਾਨ ਪਰਸ਼ੂਰਾਮ ਧਰਮਸ਼ਾਲਾ ਵਿਖੇ ਸ਼੍ਰੀ ਖਾਟੂ ਸ਼ਾਮ ਦਾ ਕੀਰਤਨ ਕਰਵਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਖਾਟੁੂ ਸ਼ਾਮ ਮੰਦਿਰ ਸੋਸਾਇਟੀ ਦੇ ਪ੍ਰਧਾਨ ਰਾਮ ਨਰੂਲਾ, ਵਾਈਸ ਪ੍ਰਧਾਨ ਸੁਰਿੰਦਰ ਕੁਮਾਰ, ਜਨਰਲ ਸਕੱਤਰ ਕੁਲਦੀਪ ਸ਼ਰਮਾ, ਖ਼ਜ਼ਾਨਚੀ ਸੰਦੀਪ ਕੁਮਾਰ, ਨੇ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਭਗਵਾਨ ਪਰਸ਼ੂਰਾਮ ਧਰਮਸ਼ਾਲਾ ਵਿਖੇ ਗਿਆਰਸ ਦਾ ਕੀਰਤਨ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਦੇ ਨਾਲ ਕਰਵਾਇਆ ਗਿਆ | ਇਸ ਮੌਕੇ ਸੁੰਦਰ-ਸੁੰਦਰ ਲੜੀਆਂ ਦੇ ਨਾਲ ਬਾਬਾ ਖਾਟੂ ਸ਼ਾਮ ਦੇ ਦਰਬਾਰ ਨੂੰ ਸਜਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਵਲੋਂ ਪਹੁੰਚ ਕੇ ਦਰਬਾਰ 'ਤੇ ਮੱਥਾ ਟੇਕਿਆ | ਇਸ ਮੌਕੇ ਸਮਾਗਮ ਦੀ ਸ਼ੁਰੂਆਤ ਪੂਜਾ ਕਰਕੇ ਕੀਤੀ ਗਈ | ਇਸ ਤੋਂ ਉਪਰੰਤ ਧਰਮ ਗੁਰੂ ਪੰਡਿਤ ਬਿੰਦੂ ਭਾਰਦਵਾਜ ਵਲੋਂ ਭਗਵਾਨ ਖਾਟੂ ਸ਼ਾਮ ਦੇ ਭਜਨਾਂ ਦਾ ਗਾਇਨ ਕਰਕੇ ਆਈ ਹੋਈ ਸੰਗਤ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ | ਇਸ ਮੌਕੇ ਕਮੇਟੀ ਪ੍ਰਬੰਧਕਾਂ ਵਲੋਂ ਆਈ ਹੋਈ ਸੰਗਤ ਨੂੰ ਦਾਲ, ਫੁਲਕੇ, ਹਲਵੇ ਦਾ ਲੰਗਰ ਵੀ ਛਕਾਇਆ ਗਿਆ |