ਅਬੋਹਰ, 2 ਜਨਵਰੀ (ਵਿਵੇਕ ਹੂੜੀਆ)-ਜ਼ਿਲ੍ਹਾ ਜੂਡੋ ਐਸੋਸੀਏਸ਼ਨ ਫ਼ਾਜ਼ਿਲਕਾ ਅਬੋਹਰ ਤੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਖਿਡਾਰੀਆਂ ਨੂੰ ਸਫਲ ਬਣਾਉਣ ਲਈ ਲਗਾਤਾਰ ਹਰ ਸੰਭਵ ਯਤਨ ਕਰ ਰਹੀ ਹੈ | ਜਿਸ ਦੇ ਨਤੀਜੇ ਵੀ ਲਗਾਤਾਰ ਦੇਖਣ ਨੂੰ ਮਿਲ ਰਹੇ ਹਨ | ਜੇਕਰ ਅਸੀਂ ਸਾਲ 2025 ਦੀ ਗੱਲ ਕਰੀਏ ਤਾਂ ਖਿਡਾਰੀਆਂ ਲਈ ਇਕ ਨਵਾਂ ਸਿਖਲਾਈ ਕੇਂਦਰ ਸਥਾਪਿਤ ਕੀਤਾ ਗਿਆ ਸੀ | ਜਿਸ 'ਚ ਖਿਡਾਰੀ ਚੰਗੀਆਂ ਸਹੂਲਤਾਂ ਨਾਲ ਅਭਿਆਸ ਕਰ ਰਹੇ ਹਨ | ਜਾਣਕਾਰੀ ਦਿੰਦੇ ਹੋਏ ਪੰਜਾਬ ਜੂਡੋ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਅਤੇ ਜ਼ਿਲ੍ਹਾ ਜਨਰਲ ਸਕੱਤਰ ਕੁਲਦੀਪ ਸੋਨੀ ਨੇ ਦੱਸਿਆ ਕਿ ਪਿਛਲੇ ਸਾਲ ਜ਼ਿਲ੍ਹੇ ਦੇ 9 ਖਿਡਾਰੀਆਂ ਨੂੰ ਰਾਸ਼ਟਰੀ ਪੱਧਰ 'ਤੇ ਪੰਜਾਬ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ, ਜਿਸ 'ਚ 6 ਤਗਮੇ ਜਿੱਤੇ ਅਤੇ ਰਾਜ ਪੱਧਰ ਦੇ ਖਿਡਾਰੀਆਂ ਨੇ 45 ਤਗਮੇ ਜਿੱਤੇ | ਇਨ੍ਹਾਂ ਸਾਰੇ ਖਿਡਾਰੀਆਂ ਨੇ ਕੁਲਦੀਪ ਸੋਨੀ ਦੀ ਨਿਗਰਾਨੀ ਹੇਠ ਅਭਿਆਸ ਕਰਨ ਤੋਂ ਬਾਅਦ ਮੁਕਾਬਲਿਆਂ 'ਚ ਹਿੱਸਾ ਲਿਆ | ਸੁਨੀਲ ਕੁਮਾਰ ਸੋਨੀ ਨੇ ਜ਼ਿਲ੍ਹਾ ਜੂਡੋ ਐਸੋਸੀਏਸ਼ਨ ਦੇ ਪ੍ਰਦਰਸ਼ਨ ਦੀ ਬਹੁਤ ਸ਼ਲਾਘਾ ਕੀਤੀ ਤੇ ਖਿਡਾਰੀਆਂ ਨੂੰ ਆਉਣ ਵਾਲੇ ਮੁਕਾਬਲੇ ਲਈ ਸ਼ੁੱਭਕਾਮਨਾਵਾਂ ਦਿੱਤੀਆਂ |