ਫ਼ਾਜ਼ਿਲਕਾ, 23 ਜਨਵਰੀ (ਅਮਰਜੀਤ ਸ਼ਰਮਾ)-ਆਤਮ ਵੱਲਭ ਪਬਲਿਕ ਸਕੂਲ ਵਿਖੇ ਬਸੰਤ ਪੰਚਮੀ ਤੇ ਗਣਤੰਤਰ ਦਿਵਸ ਦਾ ਸਾਂਝਾ ਅਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ | ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ 'ਚ ਗਿਆਨ, ਸੰਸਕਾਰ, ਅਨੁਸ਼ਾਸਨ, ਸਭਿਆਚਾਰਕ ਵਿਰਾਸਤ ਅਤੇ ਰਾਸ਼ਟਰੀ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ | ਸਕੂਲ ਦੇ ਵਿਹੜੇ 'ਚ ਆਯੋਜਿਤ ਇਸ ਵਿਸ਼ੇਸ਼ ਪ੍ਰੋਗਰਾਮ ਵਿਚ 'ਬਲੂਮਜ਼-1' ਤੋਂ ਦੂਜੀ ਜਮਾਤ ਤੱਕ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ | ਵਿਦਿਆਰਥੀਆਂ ਵਲੋਂ ਮਾਂ ਸਰਸਵਤੀ ਵੰਦਨਾ, ਬਸੰਤ ਰੁੱਤ ਦੇ ਰੰਗ, ਦੇਸ਼ ਭਗਤੀ ਦੇ ਗੀਤ, ਗੁਰੂ ਮਹਿਮਾ, ਪੜ੍ਹਾਈ ਦੀ ਮਹੱਤਤਾ ਅਤੇ ਭਾਰਤੀ ਸੰਸਕਿ੍ਤੀ ਵਰਗੇ ਵਿਸ਼ਿਆਂ 'ਤੇ ਨਾਚ, ਗੀਤ ਅਤੇ ਸੰਗੀਤ ਦੀਆਂ ਮਨਮੋਹਕ ਪੇਸ਼ਕਾਰੀਆਂ ਦਿੱਤੀਆਂ ਗਈਆਂ | ਤੀਜੀ ਤੋਂ ਨੌਵੀਂ ਜਮਾਤ ਦੇ ਵਿਦਿਆਰਥੀਆਂ ਲਈ ਆਫ-ਸਟੇਜ ਮੁਕਾਬਲੇ ਕਰਵਾਏ ਗਏ, ਜਿਸ ਵਿਚ ਚਿੱਤਰਕਾਰੀ, ਸੁੰਦਰ ਲਿਖਾਈ, ਪੋਸਟਰ ਮੇਕਿੰਗ, ਨਾਟਕ, ਕਹਾਣੀ ਲੇਖਣ ਅਤੇ ਵਾਦ-ਵਿਵਾਦ ਸ਼ਾਮਿਲ ਸਨ | ਇਨ੍ਹਾਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਅਧਿਕਾਰਾਂ ਦੇ ਨਾਲ-ਨਾਲ ਆਪਣੇ ਫ਼ਰਜ਼ਾਂ ਨੂੰ ਨਿਭਾਉਣਾ ਹੀ ਇਕ ਮਜ਼ਬੂਤ ਗਣਤੰਤਰ ਦੀ ਨੀਂਹ ਹੈ | ਸਾਰੀਆਂ ਜਮਾਤਾਂ ਲਈ 'ਬਿਗ ਚਾਰਟ/ਪੋਸਟਰ ਮੇਕਿੰਗ' ਗਤੀਵਿਧੀ ਵੀ ਕਰਵਾਈ ਗਈ | ਸਕੂਲ ਦੀ ਪਿ੍ੰਸੀਪਲ ਸੰਗੀਤਾ ਤਿੰਨਾ ਨੇ ਕਿਹਾ ਕਿ ਅਜਿਹੇ ਆਯੋਜਨਾਂ ਨਾਲ ਵਿਦਿਆਰਥੀਆਂ 'ਚ ਅਕਾਦਮਿਕ ਗਿਆਨ ਦੇ ਨਾਲ-ਨਾਲ ਨੈਤਿਕ ਕਦਰਾਂ-ਕੀਮਤਾਂ ਅਤੇ ਦੇਸ਼ ਭਗਤੀ ਦਾ ਜਜ਼ਬਾ ਪੈਦਾ ਹੁੰਦਾ ਹੈ | ਸਕੂਲ ਦੇ ਪ੍ਰਧਾਨ ਰਮਨ ਕੁਮਾਰ ਵਾਟਸ, ਵਾਈਸ ਪਿ੍ੰਸੀਪਲ ਸ਼੍ਰੀਮਤੀ ਸੀਮਾ ਸ਼ਰਮਾ, ਡਾਇਰੈਕਟਰ ਦੀਪਕ ਸ਼ਰਮਾ ਅਤੇ ਪੀ. ਟੀ. ਏ. ਪ੍ਰਧਾਨ ਨਰਿੰਦਰ ਸਚਦੇਵਾ ਨੇ ਸਾਰੇ ਦੇਸ਼ ਵਾਸੀਆਂ ਨੂੰ ਬਸੰਤ ਪੰਚਮੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ |