ਅਬੋਹਰ, 23 ਜਨਵਰੀ (ਵਿਵੇਕ ਹੂੜੀਆ)-ਸਥਾਨਕ ਅਭਿਸ਼ੇਕ ਕਾਲਜ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ | ਇਸ ਸਮਾਗਮ 'ਚ ਕਾਲਜ ਦੇ ਸਮੂਹ ਵਿਦਿਆਰਥੀਆਂ ਤੇ ਸਟਾਫ਼ ਮੈਂਬਰਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ | ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਭਾਰਤੀ ਸੱਭਿਆਚਾਰ ਤੇ ਅਮੀਰ ਵਿਰਸੇ ਨਾਲ ਜੋੜਨਾ ਸੀ | ਸਮਾਗਮ ਦਾ ਆਗਾਜ਼ ਮਾਂ ਸਰਸਵਤੀ ਦੀ ਵੰਦਨਾ ਨਾਲ ਕੀਤਾ | ਇਸ ਮੌਕੇ ਕਾਲਜ ਦੇ ਐਗਜ਼ੀਕਿਊਟਿਵ ਡਾਇਰੈਕਟਰ ਡਾ.ਸ਼ਕੁੰਤਲਾ ਮਿੱਢਾ ਤੇ ਚੇਅਰਮੈਨ ਰਮਣੀਕ ਮਿੱਢਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਬਸੰਤ ਪੰਚਮੀ ਦੇ ਸੱਭਿਆਚਾਰਕ ਤੇ ਧਾਰਮਿਕ ਮਹੱਤਵ ਬਾਰੇ ਚਾਨਣਾ ਪਾਇਆ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਕਾਰਾਤਮਿਕ ਸੋਚ ਅਪਣਾਉਣ ਅਤੇ ਸਖ਼ਤ ਮਿਹਨਤ ਨਾਲ ਜੀਵਨ ਵਿਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਕਾਲਜ ਦੀ ਪਿ੍ੰਸੀਪਲ ਡਾ. ਰਾਜਵੀਰ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਦਿਨ ਗਿਆਨ, ਵਿੱਦਿਆ ਤੇ ਸਿਰਜਣਾ ਦਾ ਪ੍ਰਤੀਕ ਹੈ ਅਤੇ ਸਾਨੂੰ ਆਪਣੇ ਸੰਸਕਾਰਾਂ ਨਾਲ ਜੁੜੇ ਰਹਿਣਾ ਚਾਹੀਦਾ ਹੈ | ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵਲੋਂ ਡਾਂਸ, ਕਵਿਤਾ ਉਚਾਰਨ ਤੇ ਹੋਰ ਕਈ ਦਿਲਕਸ਼ ਪੇਸ਼ਕਾਰੀਆਂ ਦਿੱਤੀਆਂ ਗਈਆਂ | ਇਸ ਮੌਕੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਮਿਲ ਕੇ ਪਤੰਗਬਾਜ਼ੀ ਦਾ ਅਨੰਦ ਮਾਣਿਆ, ਜਿਸ ਨੇ ਮਾਹੌਲ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ | ਸਮਾਗਮ ਨੂੰ ਸਫਲ ਬਣਾਉਣ ਵਿਚ ਪਿ੍ਅੰਕਾ ਜੁਨੇਜਾ, ਰਜਨੀ ਬਾਲਾ, ਤਨੂ ਕੁੱਕੜ, ਦੀਪਕ ਸ਼ਰਮਾ, ਮੋਨਿਕਾ ਨਾਗਪਾਲ, ਸੰਦੀਪ ਸਿੰਘ, ਲਵਜੀਤ, ਜੋਤੀ ਪ੍ਰਕਾਸ਼, ਸੁਧੀਰ, ਸੋਨੀਆ ਅਤੇ ਆਂਚਲ ਨੇ ਸ਼ਲਾਘਾਯੋਗ ਸਹਿਯੋਗ ਦਿੱਤਾ | ਅੰਤ ਵਿਚ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੇ ਇਕ-ਦੂਜੇ ਨੂੰ ਬਸੰਤ ਪੰਚਮੀ ਦੀਆਂ ਮੁਬਾਰਕਬਾਦ ਦਿੱਤੀਆਂ |