ਬੱਲੂਆਣਾ, 23 ਜਨਵਰੀ (ਜਸਮੇਲ ਸਿੰਘ ਢਿੱਲੋਂ)-ਸਰਸਾ ਤੋਂ ਪੁੱਜੇ ਡਾ. ਕ੍ਰਿਸ਼ਨ ਨੈਨ ਨੇ ਸੀਤੋ ਗੰੁਨੋ੍ਹ ਇਲਾਕੇ ਦੇ ਪਿੰਡ ਹਿੰਮਤਪੁਰਾ ਪੁੱਜ ਕੇ ਕਿਸਾਨਾਂ ਨੂੰ ਆਰਗੈਨਿਕ ਖਾਦ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਧਰਤੀ ਵਿਚ ਪਹਿਲਾ ਹੀ ਮੌਜੂਦ 10 ਤੱਤਾਂ ਨੂੰ ਪੂਰਾ ਕਰਨ ਲਈ ਕਿਸਾਨ ਲੱਖਾਂ ਰੁਪਏ ਖ਼ਰਚ ਰਿਹਾ ਹੈ ਜਦਕਿ ਇਹ ਤਤਵ ਪਹਿਲਾ ਹੀ ਮਿੱਟੀ 'ਚ ਮੌਜੂਦ ਹੁੰਦੇ ਹਨ | ਅਸਲ 'ਚ ਮਿੱਟੀ ਵਿਚ ਬੈਕਟੀਰੀਆ ਦੀ ਘਾਟ ਹੋਣ ਕਾਰਨ ਅਤੇ ਬੈਕਟੀਰੀਆ ਲਈ ਭੋਜਨ ਕਾਰਬਨ ਦੀ ਮਾਤਰਾ ਘਟਣ ਨਾਲ ਪੌਦਿਆਂ ਨੂੰ ਇਹ 10 ਤਤਵ ਪ੍ਰਾਪਤ ਨਹੀਂ ਹੋ ਰਹੇ, ਜਿਸ ਕਾਰਨ ਕਿਸਾਨਾਂ ਨੂੰ ਡੀ. ਏ. ਪੀ., ਯੂਰੀਆ, ਪੋਟਾਸ਼ ਤੇ ਅਨੇਕਾਂ ਤਰ੍ਹਾਂ ਦੀਆਂ ਖਾਦਾਂ 'ਤੇ ਕੀਟ ਨਾਸ਼ਕ ਦਵਾਈਆਂ ਦੀ ਵਰਤੋਂ ਕਰਨੀ ਪੈਂਦੀ ਹੈ, ਜਿਸ ਕਾਰਨ ਕਿਸਾਨਾਂ ਦੀ ਜ਼ਮੀਨ ਨਸ਼ੇ 'ਤੇ ਆਧਾਰਿਤ ਹੋ ਚੁੱਕੀ ਹੈ | ਡਾ. ਨੈਨ ਨੇ ਦੱਸਿਆ ਕਿ ਬਾਇਓ ਖਾਦ 'ਚ ਬੈਕਟੀਰੀਆ ਤੇ ਕਾਰਬਨ ਦੀ ਮਾਤਰਾ ਕੁੱਟ ਕੁੱਟ ਕੇ ਭਰੀ ਗਈ ਹੈ | ਇਸ 'ਚ ਅਲਬੀਰਾ ਦੀਆਂ ਪੱਤੀਆਂ ਦਾ ਵੱਡੇ ਪੱਧਰ 'ਤੇ ਇਸਤੇਮਾਲ ਹੁੰਦਾ ਹੈ | ਇਕ ਏਕੜ 'ਚ 10 ਬੈਗ ਬਾਇਓ ਖਾਦ ਪਾਉਣ ਨਾਲ ਕਿਸੇ ਹੋਰ ਖਾਦ ਦੀ ਵਰਤੋਂ ਦੀ ਲੋੜ ਨਹੀਂ ਪੈਂਦੀ | ਉਨ੍ਹਾਂ ਦੱਸਿਆ ਕਿ ਇਹ ਖਾਦ ਜ਼ਮੀਨ ਦੇ ਰੋਮ ਵੀ ਖੋਲ੍ਹਦੀ ਹੈ ਤੇ ਮਿੱਟੀ ਵਿਚ ਡੀ. ਏ. ਪੀ., ਯੂਰੀਆ, ਪੁਟਾਸ਼ ਤੇ ਜ਼ਰੂਰੀ ਖਾਦਾਂ ਦੀ ਮਾਤਰਾ ਆਪਣੇ ਆਪ ਬਣਨੀ ਸ਼ੁਰੂ ਹੋ ਜਾਂਦੀ ਹੈ | ਡਾ. ਨੈਨ ਨੇ ਦੱਸਿਆ ਕਿ ਬਾਗ਼ਾਂ ਲਈ ਇਹ ਹੋਰ ਵੀ ਲਾਹੇਵੰਦ ਖਾਦ ਹੈ | ਇਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਧਦੀ ਰਹਿੰਦੀ ਹੈ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਰਸਾਇਣ ਖਾਦਾਂ ਤੋਂ ਪ੍ਰਹੇਜ਼ ਕਰਨ ਤੇ ਕੇਵਲ ਆਰਗੈਨਿਕ ਖਾਦਾਂ ਦੀ ਵਰਤੋਂ ਕਰਨ |