ਫ਼ਾਜ਼ਿਲਕਾ, 23 ਜਨਵਰੀ (ਦਵਿੰਦਰ ਪਾਲ ਸਿੰਘ)-ਸਥਾਨਕ ਜੋਤੀ ਬੀ. ਐੱਡ ਕਾਲਜ 'ਚ ਬਸੰਤ ਪੰਚਮੀ ਦੇ ਮੌਕੇ ਵੱਖ-ਵੱਖ ਮੁਕਾਬਲਿਆਂ ਦਾ ਸਫਲਤਾਪੂਰਵਕ ਆਯੋਜਨ ਕੀਤਾ | ਇਹ ਪ੍ਰੋਗਰਾਮ ਕਾਲਜ ਦੇ ਯੂਥ ਵੈੱਲਫੇਅਰ ਕਲੱਬ ਦੇ ਇੰਚਾਰਜ ਅਸਿਸਟੈਂਟ ਪ੍ਰੋਫੈਸਰ ਰੇਣੂਕਾ ਸਿਡਾਨਾ ਦੀ ਦੇਖ-ਰੇਖ ਹੇਠ ਕਰਵਾਇਆ | ਇਸ ਮੌਕੇ ਕਾਲਜ ਦੀ ਪਿ੍ੰਸੀਪਲ ਡਾ. ਸ੍ਰੀਮਤੀ ਅਨੀਤਾ ਅਰੋੜਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਬਸੰਤ ਪੰਚਮੀ ਦਾ ਤਿਉਹਾਰ ਗਿਆਨ, ਭਾਸ਼ਾ, ਸੰਗੀਤ ਤੇ ਕਲਾ ਦੀ ਦੇਵੀ ਮਾਂ ਸਰਸਵਤੀ ਜੀ ਨੂੰ ਸਮਰਪਿਤ ਹੈ | ਇਹ ਦਿਨ ਰਚਨਾਤਮਿਕ ਊਰਜਾ ਤੇ ਸ਼ਕਤੀ ਦਾ ਪ੍ਰਤੀਕ ਹੈ ਅਤੇ ਮਾਂ ਸਰਸਵਤੀ ਦਾ ਅਵਤਾਰ ਦਿਹਾੜਾ ਵੀ ਮੰਨਿਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਬਸੰਤ ਪੰਚਮੀ ਤੋਂ ਠੰਢ ਦਾ ਅਹਿਸਾਸ ਘੱਟ ਹੋਣ ਲੱਗਦਾ ਹੈ ਤੇ ਮੌਸਮ 'ਚ ਸੰਤੁਲਨ ਬਣਨਾ ਸ਼ੁਰੂ ਹੋ ਜਾਂਦਾ ਹੈ | ਇਸ ਦਿਨ ਪੀਲੇ ਰੰਗ ਦੀ ਵਰਤੋਂ ਸਭ ਤੋਂ ਵੱਧ ਕੀਤੀ ਜਾਂਦੀ ਹੈ, ਜਿਸ ਦਾ ਆਪਣਾ ਵਿਗਿਆਨਕ ਤੇ ਧਾਰਮਿਕ ਮਹੱਤਵ ਹੈ | ਇਸੇ ਲੜੀ ਨੂੰ ਅੱਗੇ ਵਧਾਉਂਦਿਆਂ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਜਿਨ੍ਹਾਂ 'ਚ ਸਲੋਗਨ ਲਿਖਣਾ, ਰੰਗੋਲੀ, ਪਤੰਗ ਬਣਾਉਣਾ ਅਤੇ ਉਡਾਉਣਾ, ਸਭ ਤੋਂ ਸੁੰਦਰ ਪੀਲੀ ਪੱਗ ਬੰਨ੍ਹਣਾ ਅਤੇ ਪੀਲੀ ਡਰੈੱਸ ਪਹਿਨਣ ਦੇ ਮੁਕਾਬਲੇ ਸ਼ਾਮਿਲ ਸਨ | ਸਲੋਗਨ ਲਿਖਣ ਦੇ ਮੁਕਾਬਲੇ ਵਿਚ ਸੀਆ ਨੇ ਪਹਿਲਾ, ਰੰਗੋਲੀ ਮੁਕਾਬਲੇ 'ਚ ਗਗਨਦੀਪ ਨੇ ਪਹਿਲਾ, ਪਤੰਗ ਉਡਾਉਣ ਵਿਚ ਭੁਪਿੰਦਰ ਨੇ ਪਹਿਲਾ ਤੇ ਪੀਲੇ ਰੰਗ ਦੀ ਪੱਗ ਤੇ ਡਰੈੱਸ ਮੁਕਾਬਲੇ 'ਚ ਡਿੰਪਲ ਸਾਂਬੀ ਤੇ ਈਸ਼ਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਕਾਲਜ ਦੇ ਬੀ. ਐੱਡ. ਤੇ ਡੀ. ਐਲ. ਐਡ. ਦੇ ਸਾਰੇ ਵਿਦਿਆਰਥੀਆਂ ਨੇ ਉਤਸ਼ਾਹ ਤੇ ਉਮੰਗ ਨਾਲ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ | ਇਸ ਮੌਕੇ ਕਾਲਜ ਦੀ ਪਿ੍ੰਸੀਪਲ ਡਾ. ਅਨੀਤਾ ਅਰੋੜਾ, ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸੁਰਿੰਦਰ ਠਕਰਾਲ, ਸੈਕਟਰੀ ਡਾ. ਰੌਸ਼ਨ ਲਾਲ ਠੱਕਰ, ਰਿਟਾਇਰਡ ਪ੍ਰੋਫੈਸਰ ਸਤਪਾਲ ਗੁਪਤਾ, ਸੁਭਾਸ਼ ਅਰੋੜਾ ਤੇ ਸਮੂਹ ਸਟਾਫ਼ ਨੇ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਬਸੰਤ ਪੰਚਮੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |