ਰਾਜਪਾਲ ਨੇ ਫ਼ਾਜ਼ਿਲਕਾ 'ਚ ਸੂਬਾ ਪੱਧਰੀ ਗਣਤੰਤਰ ਦਿਵਸ ਦੌਰਾਨ ਲਹਿਰਾਇਆ ਤਿਰੰਗਾ
ਅਜੀਤ ਡੈਸਕ
28-01-2026
ਫ਼ਾਜ਼ਿਲਕਾ-77ਵੇਂ ਗਣਤੰਤਰ ਦਿਵਸ ਦੇ ਸ਼ੁੱਭ ਮੌਕੇ 'ਤੇ ਭਾਰਤ-ਪਾਕਿਸਤਾਨ ਸਰਹੱਦ 'ਤੇ ਸਥਿਤ ਅੰਤਰਰਾਸ਼ਟਰੀ ਸਾਦਕੀ ਚੌਕੀ ਵਿਖੇ ਦੇਸ਼ ਭਗਤੀ ਦਾ ਅਨੋਖਾ ਨਜ਼ਾਰਾ ਦੇਖਣ ਨੂੰ ਮਿਲਿਆ | ਇਸ ਖ਼ਾਸ ਦਿਨ 'ਤੇ ਹੋਈ ਰਿਟਰੀਟ ਸੈਰੇਮਨੀ ਦੌਰਾਨ ਬੀ.ਐਸ.ਐਫ. ਦੇ ਜਵਾਨਾਂ ਦੀ ਜੋਸ਼ੀਲੀ ਪਰੇਡ ਨੇ ਸਰਹੱਦ 'ਤੇ ਮੌਜੂਦ ਹਜ਼ਾਰਾਂ ਲੋਕਾਂ ਦੇ ਦਿਲਾਂ ਵਿਚ ਦੇਸ਼ ਪ੍ਰੇਮ ਦਾ ਜਜ਼ਬਾ ਭਰ ਦਿੱਤਾ | ਸਮਾਗਮ ਵਿਚ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਆਪਣੀ ਧਰਮ ਪਤਨੀ ਖ਼ੁਸ਼ਬੂ ਸਾਵਨਸੁੱਖਾ ਸਵਨਾ ਸਮੇਤ ਪਹੁੰਚੇ | ਉਨ੍ਹਾਂ ਦੇ ਨਾਲ ਬੀ.ਐਸ.ਐਫ ਦੇ ਡੀ.ਆਈ.ਜੀ. ਵਿਜੇ ਕੁਮਾਰ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਮੁੱਖ ਮਹਿਮਾਨਾਂ ਨੇ ਜਵਾਨਾਂ ਦਾ ਹੌਸਲਾ ਵਧਾਇਆ ਅਤੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ | ਸਰਹੱਦ 'ਤੇ ਸਿਰਫ਼ ਪਰੇਡ ਹੀ ਨਹੀਂ, ਸਗੋਂ ਸਕੂਲੀ ਬੱਚਿਆਂ ਵੱਲੋਂ ਪੇਸ਼ ਕੀਤਾ ਗਿਆ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਵੀ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਰਿਹਾ | ਬੱਚਿਆਂ ਨੇ ਦੇਸ਼ ਭਗਤੀ ਦੇ ਗੀਤਾਂ 'ਤੇ ਪੇਸ਼ਕਾਰੀਆਂ ਦੇ ਕੇ ਮਾਹੌਲ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ | ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਦੇਸ਼ ਦੀ ਸਰਹੱਦ 'ਤੇ ਜਵਾਨਾਂ ਅਤੇ ਆਮ ਲੋਕਾਂ ਨਾਲ ਗਣਤੰਤਰ ਦਿਵਸ ਮਨਾਉਣਾ ਇੱਕ ਮਾਣ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਪਾਕਿਸਤਾਨ ਨਾਲੋਂ ਉੱਚਾ 200 ਫੁੱਟ ਦਾ ਤਿਰੰਗਾ ਇੱਥੇ ਪਹਿਲਾਂ ਹੀ ਲਹਿਰਾਇਆ ਜਾ ਚੁੱਕਾ ਹੈ |
ਸੈਲਾਨੀਆਂ ਦੀ ਸਹੂਲਤ ਲਈ ਸਰਹੱਦ 'ਤੇ ਸ਼ੈੱਡਾਂ ਦਾ ਨਿਰਮਾਣ ਕਰਵਾਇਆ ਗਿਆ ਹੈ | ਬਾਕੀ ਰਹਿੰਦੀਆਂ ਕਮੀਆਂ ਨੂੰ ਵੀ ਜਲਦੀ ਦੂਰ ਕੀਤਾ ਜਾਵੇਗਾ | ਇਸ ਮੌਕੇ ਬੀ.ਐੱਸ.ਐਫ ਦੇ ਅਧਿਕਾਰੀ, ਸਥਾਨਕ ਪ੍ਰਸ਼ਾਸਨ ਅਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ |
ਵਿਜ਼ਡਮ ਕਾਨਵੈਂਟ ਸਕੂਲ
ਫ਼ਾਜ਼ਿਲਕਾ, (ਅਮਰਜੀਤ ਸ਼ਰਮਾ)-ਵਿਜ਼ਡਮ ਕਾਨਵੈਂਟ ਸਕੂਲ ਵਿਖੇ 77ਵਾਂ ਗਣਤੰਤਰ ਦਿਵਸ ਬੜੇ ਹੀ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਸਕੂਲ ਦੇ ਚੇਅਰਮੈਨ ਕਵਿੰਦਰ ਨਾਥ ਦਹੂਜਾ, ਮੈਨੇਜਿੰਗ ਡਾਇਰੈਕਟਰ ਪਰਮਜੀਤ ਸਿੰਘ ਵੈਰੜ ਅਤੇ ਪਿ੍ੰਸੀਪਲ ਸ਼੍ਰੀਮਤੀ ਨਿਮਰਤਾ ਸੰਧੂ ਵਲੋਂ ਤਿਰੰਗਾ ਲਹਿਰਾਉਣ ਦੀ ਰਸਮ ਨਾਲ ਕੀਤੀ ਗਈ, ਜਿਸ ਤੋਂ ਬਾਅਦ ਸਮੂਹ ਹਾਜ਼ਰੀਨ ਵਲੋਂ ਰਾਸ਼ਟਰੀ ਗਾਣ ਗਾਇਆ ਗਿਆ | ਸਮਾਗਮ ਦੌਰਾਨ ਸਕੂਲ ਦਾ ਵਿਹੜਾ ਪੂਰੀ ਤਰ੍ਹਾਂ ਦੇਸ਼ ਭਗਤੀ ਦੇ ਰੰਗ ਵਿਚ ਰੰਗਿਆ ਨਜ਼ਰ ਆਇਆ | ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤਾਂ ਅਤੇ 'ਵੀਰ ਰਸ' ਦੀਆਂ ਕਵਿਤਾਵਾਂ ਨਾਲ ਸਭ ਨੂੰ ਮੰਤਰ-ਮੁਗਧ ਕਰ ਦਿੱਤਾ | ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਦੇਸ਼ ਭਗਤੀ ਦੇ ਨਾਚ (ਡਾਂਸ) ਨੇ ਸਭ ਦਾ ਮਨ ਮੋਹ ਲਿਆ | ਸਕੂਲ ਦੀ ਅਧਿਆਪਕਾ ਸ੍ਰੀਮਤੀ ਜੋਤੀ ਨੇ ਗਣਤੰਤਰ ਦਿਵਸ ਦੀ ਮਹੱਤਤਾ 'ਤੇ ਰੌਸ਼ਨੀ ਪਾਈ ਅਤੇ ਸੰਵਿਧਾਨ ਦੀ ਮਰਿਆਦਾ ਨੂੰ ਬਣਾਈ ਰੱਖਣ ਦਾ ਸੰਦੇਸ਼ ਦਿੱਤਾ | ਸੰਗੀਤ ਅਧਿਆਪਕ ਅਮਿੱਤ ਨੇ ਇੱਕ ਜੋਸ਼ੀਲਾ ਦੇਸ਼ ਭਗਤੀ ਦਾ ਗੀਤ ਪੇਸ਼ ਕਰਕੇ ਸਮਾਗਮ ਵਿਚ ਨਵਾਂ ਰੂਹ ਫ਼ੂਕ ਦਿੱਤਾ | ਪਿ੍ੰਸੀਪਲ ਮੈਡਮ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਬਣਨ ਅਤੇ ਆਪਣੇ ਕਰਤੱਵਾਂ ਨੂੰ ਇਮਾਨਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ | ਕਿੰਡਰਗਾਰਟਨ ਦੇ ਛੋਟੇ ਬੱਚਿਆਂ ਨੇ ਪੇਂਟਿੰਗ, ਦੇਸ਼ ਭਗਤੀ ਦੇ ਗੀਤਾਂ ਅਤੇ ਦੇਸ਼ ਦੇ ਮਹਾਨ ਸ਼ਹੀਦਾਂ ਦੇ ਪਹਿਰਾਵੇ ਵਿਚ ਸੱਜ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ | ਸਮਾਗਮ ਦੇ ਅੰਤ ਵਿਚ ਸਾਰਿਆਂ ਨੂੰ ਮਿਠਾਈ ਵੰਡੀ ਗਈ ਅਤੇ ਗਣਤੰਤਰ ਦਿਵਸ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ |
ਭਾਜਪਾ ਜ਼ਿਲ੍ਹਾ ਹੈੱਡਕੁਆਟਰ ਵਿਖੇ ਸੁਰਜੀਤ ਜਿਆਣੀ ਨੇ ਲਹਿਰਾਇਆ ਤਿਰੰਗਾ
ਫ਼ਾਜ਼ਿਲਕਾ, (ਦਵਿੰਦਰ ਪਾਲ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਹੈੱਡਕੁਆਟਰ ਵਿਖੇ 77ਵੇਂ ਗਣਤੰਤਰ ਦਿਵਸ ਦੇ ਸ਼ੁੱਭ ਅਵਸਰ 'ਤੇ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਸੁਰਜੀਤ ਜਿਆਣੀ ਨੇ ਭਾਜਪਾ ਵਰਕਰਾਂ ਦੀ ਹਾਜ਼ਰੀ ਵਿਚ ਕੌਮੀ ਝੰਡਾ ਤਿਰੰਗਾ ਲਹਿਰਾਇਆ | ਇਸ ਮੌਕੇ ਸਮੂਹ ਵਰਕਰਾਂ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੰਵਿਧਾਨ ਪ੍ਰਤੀ ਆਪਣੀ ਨਿਸ਼ਠਾ ਪ੍ਰਗਟ ਕਰਦਿਆਂ 'ਵਿਕਸਿਤ ਭਾਰਤ' ਦੇ ਸੰਕਲਪ ਨੂੰ ਦੁਹਰਾਇਆ | ?ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਅਸ਼ਵਨੀ ਫੁਟੇਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਗਮ ਦੌਰਾਨ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਸਾਂਝੇ ਯਤਨ ਕਰਨ ਦਾ ਪ੍ਰਣ ਲਿਆ ਗਿਆ | ਇਕੱਠ ਨੂੰ ਸੰਬੋਧਨ ਕਰਦਿਆਂ ਸੁਰਜੀਤ ਜਿਆਣੀ ਨੇ ਕਿਹਾ ਕਿ ਗਣਤੰਤਰ ਦਿਵਸ ਸਾਨੂੰ ਸੰਵਿਧਾਨ ਦੁਆਰਾ ਦਿੱਤੇ ਗਏ ਅਧਿਕਾਰਾਂ ਅਤੇ ਕਰਤੱਵਾਂ ਦੀ ਯਾਦ ਦਿਵਾਉਂਦਾ ਹੈ | ਉਨ੍ਹਾਂ ਕਿਹਾ ਕਿ ਭਾਜਪਾ ਰਾਸ਼ਟਰ ਨਿਰਮਾਣ ਦੇ ਸੰਕਲਪ ਨਾਲ ਲਗਾਤਾਰ ਜਨਸੇਵਾ ਵਿਚ ਜੁਟੀ ਹੋਈ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ 'ਵਿਕਸਿਤ ਭਾਰਤ' ਬਣਨ ਦੇ ਟੀਚੇ ਵੱਲ ਤੇਜ਼ੀ ਨਾਲ ਵਧ ਰਿਹਾ ਹੈ | ਮੰਡਲ ਪ੍ਰਧਾਨ ਰਮੇਸ਼ ਕਟਾਰੀਆ ਨੇ ਕਿਹਾ ਕਿ ਪਾਰਟੀ ਵਰਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦੀ ਅਗਵਾਈ ਹੇਠ ਦੇਸ਼ ਹਿਤ ਨੂੰ ਸਭ ਤੋਂ ਉਪਰ ਮੰਨਦੇ ਹੋਏ ਸਮਾਜ ਸੇਵਾ ਅਤੇ ਸੰਗਠਨ ਦੀ ਮਜ਼ਬੂਤੀ ਲਈ ਦਿਨ-ਰਾਤ ਕੰਮ ਕਰ ਰਹੇ ਹਨ | ਇਸ ਮੌਕੇ ਜ਼ਿਲ੍ਹਾ ਸਕੱਤਰ ਰੀਗਲ ਗੋਇਲ, ਮੰਡਲ ਪ੍ਰਧਾਨ ਪਰਮਜੀਤ ਸ਼ੇਰਾ, ਸੁਨੀਲ ਸਹਾਰਨ, ਮੋਨਾ ਕਟਾਰੀਆ, ਨੀਰੂ ਪਰਨਾਮੀ, ਤਾਰਾ ਚੰਦ ਸੋਲੰਕੀ, ਲੱਡੂ ਗਗਨੇਜਾ, ਰਮੇਸ਼ ਵਰਮਾ, ਅਸ਼ੋਕ ਜੈਰਥ, ਪੂਰਨ ਚੰਦ ਜਸੂਜਾ, ਦੌਲਤ ਰਾਮ, ਦੇਸ ਰਾਜ ਉਪਨੇਜਾ, ਟੋਨੀ ਨਰੂਲਾ, ਸੁਭਾਸ਼ ਕੰਬੋਜ, ਅਸ਼ੋਕ ਪ੍ਰਣਾਮੀ, ਅੰਕੁਸ਼ ਫੁਟੇਲਾ, ਸੰਦੀਪ ਕਬਾੜੀਆ, ਵਿਜੇ ਅਹੂਜਾ, ਲਖਵਿੰਦਰ ਕੁੱਕੜ, ਰਾਕੇਸ਼ ਖਟੀਕ, ਸੰਨ੍ਹੀ ਸਰੋਵਾ, ਸੁਨੀਲ ਕਸ਼ਯਪ ਅਤੇ ਮੁਕੇਸ਼ ਜਾਜੋਰੀਆ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ | ਸਾਰਿਆਂ ਨੇ ਇੱਕਜੁੱਟ ਹੋ ਕੇ ਦੇਸ਼ ਦੀ ਸੇਵਾ ਕਰਨ ਦਾ ਅਹਿਦ ਲਿਆ |
ਕੇਂਦਰੀ ਵਿਦਿਆਲਿਆ ਰਾਮਪੁਰਾ
ਫ਼ਾਜ਼ਿਲਕਾ, (ਅਮਰਜੀਤ ਸ਼ਰਮਾ)-ਕੇਂਦਰੀ ਵਿਦਿਆਲਿਆ ਸੀ.ਸੁ.ਬਲ ਰਾਮਪੁਰਾ ਫ਼ਾਜ਼ਿਲਕਾ ਵਿਖੇ 77ਵਾਂ ਗਣਤੰਤਰ ਦਿਵਸ ਪਿ੍ੰਸੀਪਲ ਸੁਨੀਲ ਕੁਮਾਰ ਦੀ ਅਗਵਾਈ ਹੇਠ ਸਕੂਲ ਦੀ ਨਵੀਂ ਬਣੀ ਇਮਾਰਤ ਵਿਚ ਬੜੇ ਉਤਸ਼ਾਹ ਅਤੇ ਉਮੰਗ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਨੇ ਵੀ ਸ਼ਮੂਲੀਅਤ ਕੀਤੀ | ਪ੍ਰੋਗਰਾਮ ਦੀ ਸ਼ੁਰੂਆਤ ਨਵੀਂ ਇਮਾਰਤ ਵਿਚ ਪਿ੍ੰਸੀਪਲ ਸਾਹਿਬ ਵਲੋਂ ਝੰਡਾ ਲਹਿਰਾਉਣ ਦੀ ਰਸਮ ਨਾਲ ਹੋਈ | ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿਚ ਦੇਸ਼ ਭਗਤੀ ਦੀਆਂ ਕਵਿਤਾਵਾਂ, ਇਕੱਲੇ ਅਤੇ ਸਮੂਹ ਗਾਇਣ ਅਤੇ ਨਾਚ ਸ਼ਾਮਲ ਸਨ | ਵਿਦਿਆਰਥੀਆਂ ਨੇ ਆਪਣੇ ਭਾਸ਼ਣਾਂ ਰਾਹੀਂ ਸੰਵਿਧਾਨ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ | ਸਕੂਲ ਦੀ ਅਧਿਆਪਕਾ ਕੁਮਾਰੀ ਭਾਵਿਕਾ ਯਾਦਵ ਨੇ ਆਪਣੇ ਭਾਸ਼ਣ ਵਿਚ ਗਣਤੰਤਰ ਭਾਰਤ ਦੀ ਮਹਿਮਾ ਦਾ ਵਖਿਆਨ ਕੀਤਾ | ਪਿ੍ੰਸੀਪਲ ਸੁਨੀਲ ਕੁਮਾਰ ਨੇ ਆਪਣੇ ਸੰਬੋਧਨ ਵਿਚ 26 ਜਨਵਰੀ ਦੇ ਮਹੱਤਵ ਅਤੇ ਸੰਵਿਧਾਨ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਜਲਦੀ ਹੀ ਇਸ ਨਵੀਂ ਇਮਾਰਤ ਵਿਚ ਪੜ੍ਹਾਈ ਦਾ ਕੰਮ ਨਿਰੰਤਰ ਰੂਪ ਵਿਚ ਸ਼ੁਰੂ ਹੋ ਜਾਵੇਗਾ, ਜਿਸ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ | ਪ੍ਰੋਗਰਾਮ ਦਾ ਸੰਚਾਲਨ ਕਲਾ ਅਧਿਆਪਕ ਨਵੀਨ ਕੁਮਾਰ ਵਲੋਂ ਬਾਖ਼ੂਬੀ ਕੀਤਾ ਗਿਆ |
ਕੌਫ਼ੀ ਇੰਟਰਨੈਸ਼ਨਲ ਕਾਨਵੈਂਟ ਸਕੂਲ
ਫ਼ਾਜ਼ਿਲਕਾ, (ਦਵਿੰਦਰ ਪਾਲ ਸਿੰਘ)-ਕੌਂਫ਼ੀ ਇੰਟਰਨੈਸ਼ਨਲ ਕਾਨਵੈਂਟ ਸਕੂਲ ਹੀਰਾਂਵਾਲੀ ਵਿਖੇ 77ਵਾਂ ਗਣਤੰਤਰ ਦਿਵਸ ਚੇਅਰਮੈਨ ਗੌਰਵ ਝੀਂਝਾ ਦੀ ਅਗਵਾਈ ਹੇਠ ਬੜੀ ਸ਼ਰਧਾ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ | ਇਸ ਵਿਸ਼ੇਸ਼ ਮੌਕੇ 'ਤੇ ਸਕੂਲ ਕੰਪਲੈਕਸ ਵਿਚ ਕਈ ਰੰਗਾਰੰਗ ਪ੍ਰੋਗਰਾਮ ਉਲੀਕੇ ਗਏ, ਜਿਸ ਵਿਚ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਪ੍ਰੋਗਰਾਮ ਦੀ ਸ਼ੁਰੂਆਤ ਵਿਚ ਸਕੂਲ ਦੀ ਪਿ੍ੰਸੀਪਲ ਸ਼ੀਨਮ ਨਾਗਪਾਲ ਨੇ ਸਾਰਿਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਇਸ ਗੌਰਵਮਈ ਦਿਨ ਦੀ ਮਹੱਤਤਾ ਦੱਸਦੇ ਹੋਏ ਭਾਰਤੀ ਸੰਵਿਧਾਨ ਦੇ ਲਾਗੂ ਹੋਣ ਦੇ ਇਤਿਹਾਸਕ ਮਹੱਤਵ ਬਾਰੇ ਵਿਸਤਾਰ ਵਿਚ ਜਾਣਕਾਰੀ ਦਿੱਤੀ | ਚੇਅਰਮੈਨ ਗੌਰਵ ਝੀਂਝਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਰਾਸ਼ਟਰ ਨਿਰਮਾਣ ਵਿਚ ਨੌਜਵਾਨਾਂ ਦੀ ਭੂਮਿਕਾ 'ਤੇ ਜ਼ੋਰ ਦਿੱਤਾ | ਉਤਸਵ ਦੌਰਾਨ ਨੰਨ੍ਹੇ-ਮੁੰਨੇ ਬੱਚਿਆਂ ਦਾ ਉਤਸ਼ਾਹ ਦੇਖਣਯੋਗ ਸੀ | ਨਰਸਰੀ ਤੋਂ ਲੈ ਕੇ ਸੀਨੀਅਰ ਕੇ.ਜੀ. ਤੱਕ ਦੇ ਵਿਦਿਆਰਥੀ ਤਿਰੰਗੇ ਦੇ ਰੰਗਾਂ ਨਾਲ ਸਜੇ ਹੋਏ ਵਿਸ਼ੇਸ਼ ਖਾਧ ਪਦਾਰਥ ਲੈ ਕੇ ਆਏ ਸਨ, ਜੋ ਭਾਰਤ ਦੀ ਵਿਭਿੰਨਤਾ ਅਤੇ ਏਕਤਾ ਨੂੰ ਦਰਸਾ ਰਹੇ ਸਨ | ਤਿਰੰਗੇ ਦੇ ਰੰਗਾਂ ਵਾਲੀਆਂ ਟੋਪੀਆਂ ਪਹਿਨ ਕੇ ਅਤੇ ਹੱਥਾਂ ਵਿਚ ਤਿਰੰਗਾ ਝੰਡਾ ਫੜ ਕੇ ਜਦੋਂ ਇਨ੍ਹਾਂ ਬੱਚਿਆਂ ਨੇ ਨਿ੍ਤ ਪੇਸ਼ ਕੀਤਾ ਤਾਂ ਪੂਰਾ ਵਾਤਾਵਰਨ ਅਨੰਦਮਈ ਅਤੇ ਪ੍ਰੇਰਨਾਦਾਇਕ ਹੋ ਗਿਆ | ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਗਣਤੰਤਰ ਦਿਵਸ ਦੀ ਮਹੱਤਤਾ 'ਤੇ ਸੁੰਦਰ ਪੋਸਟਰ ਬਣਾਏ ਅਤੇ ਹੋਰ ਵਿਦਿਆਰਥੀਆਂ ਨੇ ਪੇਂਟਿੰਗ ਰਾਹੀਂ ਆਜ਼ਾਦੀ ਸੰਗਰਾਮ, ਤਿਰੰਗੇ ਦੇ ਰੰਗਾਂ ਅਤੇ ਭਾਰਤੀ ਸਭਿਆਚਾਰ ਨੂੰ ਕੈਨਵਸ 'ਤੇ ਉਕੇਰਿਆ | ਪ੍ਰੋਗਰਾਮ ਦਾ ਮੁੱਖ ਆਕਰਸ਼ਨ ਤੀਜੀ ਤੋਂ ਨੌਵੀਂ ਜਮਾਤ ਦੀਆਂ ਵਿਦਿਆਰਥਣਾਂ ਵੱਲੋਂ ਭਾਰਤ-ਪਾਕਿ ਸਾਦਕੀ ਬਾਰਡਰ 'ਤੇ 'ਮੇਰੇ ਦੇਸ਼ ਕੀ ਧਰਤੀ' ਗੀਤ 'ਤੇ ਦਿੱਤੀ ਗਈ ਸ਼ਾਨਦਾਰ ਪੇਸ਼ਕਾਰੀ ਰਹੀ, ਜਿਸ ਨੇ ਸਾਰਿਆਂ ਦੀ ਖ਼ੂਬ ਵਾਹ-ਵਾਹ ਖੱਟੀ | ਸਮਾਰੋਹ ਦੌਰਾਨ ਦੇਸ਼ ਦੀ ਰੱਖਿਆ ਲਈ ਜਾਨਾਂ ਵਾਰਨ ਵਾਲੇ ਸ਼ਹੀਦਾਂ ਨੂੰ ਭਾਵਪੂਰਤ ਸ਼ਰਧਾਂਜਲੀ ਭੇਟ ਕੀਤੀ ਗਈ | ਵਿਦਿਆਰਥੀਆਂ ਨੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਨਮਨ ਕੀਤਾ | ਪਿ੍ੰਸੀਪਲ ਨੇ ਬੱਚਿਆਂ ਨੂੰ ਸਮਝਾਇਆ ਕਿ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਹੀ ਸਾਡਾ ਦੇਸ਼ ਇੱਕ ਲੋਕਤੰਤਰੀ ਗਣਰਾਜ ਵਜੋਂ ਸਥਾਪਿਤ ਹੋਇਆ ਅਤੇ ਸਾਨੂੰ ਇੱਕ ਨਵੀਂ ਦਿਸ਼ਾ ਮਿਲੀ | ਗਣਤੰਤਰ ਦਿਵਸ ਦੇ ਇਸ ਵਿਸ਼ਾਲ ਉਤਸਵ ਨੇ ਵਿਦਿਆਰਥੀਆਂ ਵਿਚ ਰਾਸ਼ਟਰੀ ਏਕਤਾ ਅਤੇ ਮਾਣ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ | ਅੰਤ ਵਿਚ ਪਿ੍ੰਸੀਪਲ ਸ਼ੀਨਮ ਨਾਗਪਾਲ ਨੇ ਬੱਚਿਆਂ ਨੂੰ ਸੱਦਾ ਦਿੱਤਾ ਕਿ ਉਹ ਹਮੇਸ਼ਾ ਆਪਣੇ ਦੇਸ਼ ਦੀ ਸੇਵਾ ਲਈ ਤਤਪਰ ਰਹਿਣ ਅਤੇ ਇੱਕ ਜਾਗਰੂਕ ਨਾਗਰਿਕ ਵਜੋਂ ਰਾਸ਼ਟਰ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ ਨਾਲ ਨਿਭਾਉਣ |
ਲਾਲਾ ਜਗਤ ਨਰਾਇਣ ਕਾਲਜ
ਜਲਾਲਾਬਾਦ, (ਕਰਨ ਚੁਚਰਾ)-ਸਥਾਨਕ ਲਾਲਾ ਜਗਤ ਨਰਾਇਣ ਐਜੂਕੇਸ਼ਨ ਕਾਲਜ, ਜਲਾਲਾਬਾਦ (ਪੱਛਮੀ) ਵਿਖੇ ਗਣਤੰਤਰ ਦਿਵਸ ਮਨਾਇਆ ਗਿਆ | ਇਹ ਸਮਾਗਮ ਕਾਲਜ ਦੇ ਚੇਅਰਮੈਨ ਅਸ਼ੋਕ ਕੁਮਾਰ ਅਨੇਜਾ , ਪ੍ਰਧਾਨ ਪ੍ਰਦੀਪ ਚੁੱਘ, ਖ਼ਜ਼ਾਨਚੀ ਚੰਦਰ ਸ਼ੇਖਰ ਗੁੰਬਰ, ਸਿੱਖਿਆ ਸ਼ਾਸਤਰੀ ਗੁਰਬਖ਼ਸ਼ ਸਿੰਘ ਖੁਰਾਨਾ ਅਤੇ ਪਿ੍ੰਸੀਪਲ ਡਾ. ਨੀਤਿਕਾ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਦੌਰਾਨ ਪਿ੍ੰਸੀਪਲ ਡਾ. ਨੀਤਿਕਾ ਨੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ | ਉਨ੍ਹਾਂ ਨੇ ਇਸ ਦਿਨ ਦੇ ਮਹੱਤਵ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ 26 ਜਨਵਰੀ 1950 ਨੂੰ ਭਾਰਤ ਦਾ ਆਪਣਾ ਸੰਵਿਧਾਨ ਲਾਗੂ ਹੋਇਆ ਸੀ | ਜਿਸ ਨਾਲ ਦੇਸ਼ ਵਿਚ ਲੋਕਤੰਤਰ ਦਾ ਰਾਜ ਸਥਾਪਿਤ ਹੋਇਆ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਦੇਸ਼ ਪ੍ਰਤੀ ਬਣਦੇ ਫ਼ਰਜ਼ ਇਮਾਨਦਾਰੀ ਨਾਲ ਨਿਭਾਉਣੇ ਚਾਹੀਦੇ ਹਨ | ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦਾ ਜਜ਼ਬਾ ਦਿਖਾਉਂਦੇ ਹੋਏ ਰਾਸ਼ਟਰੀ ਗਾਣ ਗਾਇਆ ਗਿਆ ਅਤੇ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਲਗਾਏ ਗਏ | ਜਿਸ ਨਾਲ ਪੂਰਾ ਕੈਂਪਸ ਦੇਸ਼ ਭਗਤੀ ਦੇ ਰੰਗ ਵਿਚ ਰੰਗਿਆ ਗਿਆ | ਇਸ ਮੌਕੇ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ |
ਮਾਤਾ ਗੁਜਰੀ ਪਬਲਿਕ ਸਕੂਲ
ਜਲਾਲਾਬਾਦ, (ਕਰਨ ਚੁਚਰਾ)-ਮਾਤਾ ਗੁਜਰੀ ਪਬਲਿਕ ਸਕੂਲ ਵਿਚ ਸਾਡਾ ਰਾਸ਼ਟਰੀ ਤਿਉਹਾਰ ਗਣਤੰਤਰਤਾ ਦਿਵਸ ਬੜੇ ਧੂਮ ਧਾਮ ਦੇ ਨਾਲ ਮਨਾਇਆ ਗਿਆ | ਇਸ ਮੌਕੇ ਤੇ ਵਿਦਿਆਰਥੀ ਵਲੋਂ ਦੇਸ਼ ਭਗਤੀ ਨਾਲ ਸੰਬੰਧਿਤ ਗੀਤ ਗਾਏ ਗਏ ਅਤੇ ਵਿਦਿਆਰਥੀਆਂ ਦੇ ਹੱਥਾਂ ਵਿਚ ਤਿਰੰਗੇ ਝੰਡੇ ਫੜੇ ਹੋਏ ਸਨ | ਸਕੂਲ ਪਿ੍ੰਸੀਪਲ ਮੈਡਮ ਪਰਵਿੰਦਰਜੀਤ ਕੌਰ ਅਤੇ ਮੈਡਮ ਅਨੂਪ੍ਰੀਤ ਕੌਰ ਨੇ ਤਿਰੰਗਾ ਝੰਡਾ ਲਹਿਰਾਇਆ | ਝੰਡਾ ਲਹਿਰਾਉਣ ਤੋਂ ਬਾਅਦ ਰਾਸ਼ਟਰੀ ਗਾਇਣ ਗਾਇਆ ਗਿਆ | ਸਾਰੀ ਵਿਦਿਆਰਥੀਆਂ ਵੱਲੋਂ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਏ ਗਏ | ਮੈਡਮ ਪਰਵਿੰਦਰਜੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ਕਿ ਹਰ ਇੱਕ ਵਿਦਿਆਰਥੀ ਨੂੰ ਆਪਣੇ ਦੇਸ਼ ਪ੍ਰਤੀ ਦੇਸ਼ ਪਿਆਰ ਦੀ ਭਾਵਨਾ ਰੱਖਣੀ ਚਾਹੀਦੀ ਹੈ | ਜੇਕਰ ਸਾਡਾ ਦੇਸ਼ ਤਰੱਕੀ ਕਰਦਾ ਹੈ ਤਾਂ ਉਹ ਸਾਡੀ ਤਰੱਕੀ ਹੈ ,ਦੇਸ਼ ਵਿਚੋਂ ਨਸ਼ਾ ਰੂਪੀ ਬੁਰਾਈ ਨੂੰ ਖ਼ਤਮ ਕਰਨ ਦੇ ਲਈ ਵੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੱਧ ਚੜ੍ਹ ਕੇ ਲੋਕਾਂ ਨੂੰ ਨਸ਼ੇ ਵਰਗੇ ਕੋਡ ਨੂੰ ਕੱਢਣ ਲਈ ਅੱਗੇ ਆਉਣ ਲਈ ਕਿਹਾ |
ਅਭਿਸ਼ੇਕ ਕਾਲਜ ਵਿਖੇ ਸਮਾਗਮ
ਅਬੋਹਰ, (ਵਿਵੇਕ ਹੂੜੀਆ)-ਅਭਿਸ਼ੇਕ ਕਾਲਜ ਵਿਚ ਗਣਤੰਤਰ ਦਿਵਸ ਦਾ ਤਿਉਹਾਰ ਬੜੇ ਉਤਸ਼ਾਹ, ਅਨੁਸ਼ਾਸਨ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਕਾਲਜ ਦੇ ਐਨ.ਸੀ.ਸੀ. ਕੈਡਟਾਂ ਵੱਲੋਂ ਕੱਢੀ ਗਈ ਪ੍ਰਭਾਵਸ਼ਾਲੀ ਪਰੇਡ ਨਾਲ ਹੋਈ, ਜਿਸ ਨੇ ਹਾਜ਼ਰੀਨ ਵਿਚ ਦੇਸ਼ ਪ੍ਰੇਮ ਦਾ ਜੋਸ਼ ਭਰ ਦਿੱਤਾ | ਇਸ ਮੌਕੇ ਕਾਲਜ ਦੀ ਕਾਰਜਕਾਰੀ ਨਿਰਦੇਸ਼ਕ ਡਾ.ਸ਼ਕੁੰਤਲਾ ਮਿੱਢਾ ਵਲੋਂ ਤਿਰੰਗਾ ਲਹਿਰਾਉਣ ਦੀ ਰਸਮ ਨਿਭਾਈ ਗਈ | ਜਿਸ ਉਪਰੰਤ ਸਾਰਾ ਕੈਂਪਸ ਦੇਸ਼ ਭਗਤੀ ਦੇ ਨਾਅਰਿਆਂ ਨਾਲ ਗੂੰਜ ਉੱਠਿਆ | ਆਪਣੇ ਸੰਬੋਧਨ ਦੌਰਾਨ ਡਾ. ਮਿੱਢਾ ਨੇ ਮਹਾਤਮਾ ਗਾਂਧੀ, ਕਰਤਾਰ ਸਿੰਘ ਸਰਾਭਾ, ਸਰਦਾਰ ਵੱਲਭ ਭਾਈ ਪਟੇਲ ਅਤੇ ਸੁਭਾਸ਼ ਚੰਦਰ ਬੋਸ ਵਰਗੇ ਮਹਾਨ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਨਕਸ਼ੇ-ਕਦਮਾਂ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ | ਸਮਾਗਮ ਦੀ ਮੰਚ ਸੰਚਾਲਕ (ਐਂਕਰਿੰਗ) ਰਜਨੀ ਬਾਲਾ ਅਤੇ ਤਨੂ ਕੁੱਕੜ ਵਲੋਂ ਬਾਖ਼ੂਬੀ ਕੀਤੀ ਗਈ | ਪ੍ਰੋਗਰਾਮ ਦੌਰਾਨ ਜੋਤੀ, ਦੀਕਸ਼ਾ ਅਤੇ ਹੋਰ ਵਿਦਿਆਰਥਣਾਂ ਨੇ ਦੇਸ਼ ਭਗਤੀ ਦੇ ਗੀਤਾਂ 'ਤੇ ਕੋਰੀਓਗ੍ਰਾਫੀ ਪੇਸ਼ ਕੀਤੀ | ਮਮਤਾ, ਸ਼ਿਵਾਨੀ ਅਤੇ ਨੀਤੂ ਨੇ ਦੇਸ਼ ਭਗਤੀ ਨਾਲ ਲਬਰੇਜ਼ ਕਵਿਤਾਵਾਂ ਸੁਣਾਈਆਂ | ਕੁਲਦੀਪ ਅਤੇ ਸਾਥੀਆਂ ਵਲੋਂ ਪੇਸ਼ ਕੀਤੇ ਗਏ ਦੇਸ਼ ਭਗਤੀ ਦੇ ਗੀਤਾਂ ਨੇ ਸਭ ਦਾ ਮਨ ਮੋਹ ਲਿਆ | ਕਾਲਜ ਦੀ ਪਿ੍ੰਸੀਪਲ ਡਾ.ਰਾਜਵੀਰ ਕੌਰ ਨੇ ਵਿਦਿਆਰਥੀਆਂ ਨੂੰ ਭਾਰਤੀ ਸੰਵਿਧਾਨ ਦੀ ਮਹੱਤਤਾ, ਨਾਗਰਿਕਾਂ ਦੇ ਅਧਿਕਾਰਾਂ ਅਤੇ ਕਰਤੱਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਨੌਜਵਾਨਾਂ ਨੂੰ ਦੇਸ਼ ਦੇ ਜ਼ਿੰਮੇਵਾਰ ਅਤੇ ਜਾਗਰੂਕ ਨਾਗਰਿਕ ਬਣਨ ਦਾ ਸੱਦਾ ਦਿੱਤਾ | ਸਮਾਗਮ ਦੇ ਅੰਤ ਵਿਚ ਪਿ੍ਅੰਕਾ ਜੁਨੇਜਾ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ | ਉਨ੍ਹਾਂ ਨੇ ਪ੍ਰਬੰਧਕੀ ਕਮੇਟੀ, ਡਾ. ਸ਼ਕੁੰਤਲਾ ਮਿੱਢਾ, ਪਿ੍ੰਸੀਪਲ ਸਾਹਿਬਾ ਅਤੇ ਸਟਾਫ਼ ਮੈਂਬਰਾਂ-ਸਿਮਰਨ ਰਾਣੀ, ਮੋਨਿਕਾ ਨਾਗਪਾਲ, ਦੀਪਕ ਸ਼ਰਮਾ, ਅਮਿੱਤ, ਸੋਨੀਆ ਸੋਨੀ, ਸ਼ਰੂਤੀ, ਆਂਚਲ, ਰਾਜਿੰਦਰ ਅਤੇ ਲਵਜੀਤ ਦਾ ਇਸ ਸਫਲ ਆਯੋਜਨ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ |
ਕੇਰਾ ਖੇੜਾ ਸਕੂਲ
ਬੱਲੂਆਣਾ, (ਜਸਮੇਲ ਸਿੰਘ ਢਿੱਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੇਰਾ ਖੇੜਾ ਵਿਖੇ ਪਿ੍ੰਸੀਪਲ ਮੈਡਮ ਦੀਪਿਕਾ ਠਾਕੁਰ ਦੀ ਅਗਵਾਈ ਹੇਠ 77ਵਾਂ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਪਿੰਡ ਦੇ ਮੌਜੂਦਾ ਸਰਪੰਚ ਸ੍ਰੀਮਤੀ ਕਾਂਤਾ ਰਾਣੀ, ਐੱਸ.ਐਮ.ਸੀ.ਕਮੇਟੀ ਚੇਅਰਮੈਨ ਅੰਜੂ ਰਾਣੀ, ਕਮੇਟੀ ਮੈਂਬਰ, ਅਧਿਆਪਕ ਅਤੇ ਬੱਚਿਆਂ ਦੇ ਮਾਪਿਆਂ ਨੇ ਸ਼ਿਰਕਤ ਕੀਤੀ | ਸਭ ਤੋਂ ਪਹਿਲਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਪਿ੍ੰਸੀਪਲ ਮੈਡਮ ਦੀਪਿਕਾ ਠਾਕੁਰ ਨੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸ ਸਮੇਂ ਵਿਦਿਆਰਥੀਆਂ ਨੇ ਦੇਸ਼ ਭਗਤੀ ਨਾਲ ਸਬੰਧਿਤ ਪ੍ਰੋਗਰਾਮ ਪੇਸ਼ ਕੀਤੇ | ਇਸ ਸਮੇਂ ਵੱਖ-ਵੱਖ ਮੁਕਾਬਲਿਆਂ ਵਿਚ ਸਟੇਟ ਪੱਧਰ 'ਤੇ ਪਹੁੰਚੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਅੰਤ ਵਿਚ ਰਾਸ਼ਟਰੀ ਗਾਣ ਨਾਲ ਪ੍ਰੋਗਰਾਮ ਦੀ ਸਮਾਪਤੀ ਹੋਈ |