ਫ਼ਾਜ਼ਿਲਕਾ, 27 ਜਨਵਰੀ (ਦਵਿੰਦਰ ਪਾਲ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੇ ਦੇਸ਼-ਵਿਆਪੀ ਸੱਦੇ 'ਤੇ ਫ਼ਾਜ਼ਿਲਕਾ ਦੇ ਸਰਹੱਦੀ ਪਿੰਡਾਂ ਵਿਚ ਕਿਸਾਨਾਂ ਵਲੋਂ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ | ਇਹ ਮਾਰਚ ਤੇਜਾ ਰੁਹੇਲਾ, ਦੋਨਾਂ ਨਾਨਕਾ, ਮਾਤਮ ਨਗਰ, ਗੁਲਾਬਾਂ ਭੈਣੀ, ਰੇਤੇ ਵਾਲੀ ਭੈਣੀ, ਝੰਗੜ ਭੈਣੀ ਅਤੇ ਰਾਮ ਸਿੰਘ ਭੈਣੀ ਤੋਂ ਹੁੰਦਾ ਹੋਇਆ ਕਾਂਵਾਂ ਵਾਲੀ ਪੱਤਣ ਤੱਕ ਪਹੁੰਚਿਆ | ਇਸ ਮਾਰਚ ਦੀ ਅਗਵਾਈ ਕੁਲ ਹਿੰਦ ਕਿਸਾਨ ਸਭਾ ਦੇ ਬਲਾਕ ਪ੍ਰਧਾਨ ਹੁਸ਼ਿਆਰ ਕਾਂਵਾਂ ਵਾਲੀ ਅਤੇ ਬਲਾਕ ਸਕੱਤਰ ਕੁਲਦੀਪ ਬਖੂ ਸ਼ਾਹ ਨੇ ਕੀਤੀ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਜ਼ਿਲ੍ਹਾ ਪ੍ਰੈੱਸ ਸਕੱਤਰ ਸੁਬੇਗ ਝੰਗੜ ਭੈਣੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਹੱਦੀ ਪੱਟੀ ਦੇ ਲੋਕ ਹਰ ਸਾਲ ਹੜ੍ਹਾਂ ਦੀ ਮਾਰ ਝੱਲਦੇ ਹਨ | ਉਨ੍ਹਾਂ ਰੋਸ ਪ੍ਰਗਟਾਇਆ ਕਿ 2023 ਦੇ ਹੜ੍ਹਾਂ ਕਾਰਨ ਹੋਏ ਫ਼ਸਲਾਂ ਅਤੇ ਮਕਾਨਾਂ ਦੇ ਨੁਕਸਾਨ ਦਾ ਮੁਆਵਜ਼ਾ ਅਜੇ ਤੱਕ ਪੂਰਾ ਨਹੀਂ ਮਿਲਿਆ ਅਤੇ ਸੜਕਾਂ ਦੀ ਹਾਲਤ ਵੀ ਖਸਤਾ ਹੈ | ਉਨ੍ਹਾਂ ਮੰਗ ਕੀਤੀ ਕਿ 2007 ਵਿਚ ਰਿਕਾਰਡ ਵਿਚ 'ਕੱਚੀਆਂ' ਕੀਤੀਆਂ ਜ਼ਮੀਨਾਂ ਦਾ ਮੁਆਵਜ਼ਾ ਵੀ ਪੱਕੀਆਂ ਜ਼ਮੀਨਾਂ ਵਾਂਗ ਤੁਰੰਤ ਦਿੱਤਾ ਜਾਵੇ | ਕੁਲਦੀਪ ਬਖੂ ਸ਼ਾਹ ਨੇ ਮੰਗ ਕੀਤੀ ਕਿ ਹੜ੍ਹਾਂ ਨੂੰ ਰੋਕਣ ਲਈ ਦਰਿਆ ਦੇ ਦੋਵੇਂ ਪਾਸੇ ਕੰਕਰੀਟ ਦਾ ਪੱਕਾ ਬੰਨ੍ਹ ਬਣਾਇਆ ਜਾਵੇ | ਖ਼ਾਸ ਕਰਕੇ ਗੁਲਾਬਾਂ ਭੈਣੀ ਬੁੱਢਾ ਦਰਿਆ, ਜੋ ਪਾਕਿਸਤਾਨ ਵਾਲੇ ਪਾਸੇ ਤੋਂ ਮਾਰ ਕਰਦਾ ਹੈ, ਦਾ ਸਥਾਈ ਹੱਲ ਕੀਤਾ ਜਾਵੇ | ਕਾਮਰੇਡ ਗੁਰਦਿਆਲ ਢਾਬਾਂ ਨੇ ਬੇਰੁਜ਼ਗਾਰੀ 'ਤੇ ਚਿੰਤਾ ਪ੍ਰਗਟ ਕਰਦਿਆਂ ਮੰਗ ਕੀਤੀ ਕਿ ਸੰਸਦ ਵਿਚ 'ਭਗਤ ਸਿੰਘ ਰਾਸ਼ਟਰੀ ਰੁਜ਼ਗਾਰ ਗਾਰੰਟੀ ਕਾਨੂੰਨ' ਪਾਸ ਕੀਤਾ ਜਾਵੇ | ਕਾਮਰੇਡ ਹੁਸ਼ਿਆਰ ਕਾਂਵਾਂ ਵਾਲੀ ਨੇ ਨਰੇਗਾ ਮਜ਼ਦੂਰਾਂ ਲਈ 200 ਦਿਨ ਦਾ ਕੰਮ, 1000 ਰੁਪਏ ਦਿਹਾੜੀ ਅਤੇ ਕੰਮ ਦਾ ਸਮਾਂ 6 ਘੰਟੇ ਕਰਨ ਦੀ ਮੰਗ ਕੀਤੀ | ਇਸ ਮਾਰਚ ਦੌਰਾਨ ਕਾਮਰੇਡ ਸੀਤਾ ਸਿੰਘ ਤੇਜਾ ਰੁਹੇਲਾ, ਸੁਰੇਸ਼ ਹਸਤਾ ਕਲਾਂ, ਬਲਵਿੰਦਰ ਝੰਗੜ ਭੈਣੀ, ਗੁਰਵਿੰਦਰ ਸਿੰਘ ਰੇਤੇ ਵਾਲੀ ਭੈਣੀ, ਰਮੇਸ਼ ਹਸਤਾ ਕਲਾਂ, ਰਾਜ ਸਿੰਘ ਨੂਰ ਸ਼ਾਹ, ਕੁਲਦੀਪ ਮਾਤਮ ਨਗਰ ਅਤੇ ਬਲਦੇਵ ਸ਼ਮਸ਼ਾਬਾਦ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਅਤੇ ਮਜ਼ਦੂਰ ਹਾਜ਼ਰ ਸਨ |