ਅਬੋਹਰ, 31 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ)-ਸਥਾਨਕ ਪੁਰਾਣੀ ਸੂਰਜ ਨਗਰੀ ਸਥਿਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਬੋਹਰ ਸ੍ਰੀ ਗੰਗਾਨਗਰ ਜ਼ੋਨ ਵਲੋਂ ਜਿਥੇ ਲੋੜਵੰਦ ਤੇ ਹੋਣਹਾਰ ਬੱਚਿਆਂ ਦੇ ਲਈ ਮੁਫ਼ਤ ਕੋਚਿੰਗ ਸ਼ੁਰੂ ਕੀਤੀ ਗਈ ਹੈ, ਉਥੇ ਹੀ ਸੰਸਥਾ ਵਲੋਂ ਬੱਚਿਆਂ ਨੂੰ ਮੁਫ਼ਤ ਕਿਤਾਬਾਂ ਵੀ ਦਿੱਤੀਆਂ ਜਾ ਰਹੀਆਂ ਹਨ | ਇਸ ਲੜੀ ਤਹਿਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਆਪਣੇ ਦਫ਼ਤਰ ਪੁਸਤਕ ਵੰਡ ਸਮਾਰੋਹ ਉਲੀਕਿਆ | ਜਿਸ 'ਚ ਇਲਾਕੇ ਦੇ 52 ਲੋੜਵੰਦ ਤੇ ਹੋਣਹਾਰ ਬੱਚਿਆਂ ਨੂੰ ਪੜ੍ਹਾਈ ਲਈ ਕਿਤਾਬਾਂ ਦੇ ਸੈੱਟ ਵੰਡੇ ਗਏ | ਗੁਰੂ ਗੋਬਿੰਦ ਸਟੱਡੀ ਸਰਕਲ ਦੇ ਪ੍ਰੋਫੈਸਰ ਮਨਿੰਦਰ ਸਿੰਘ ਤੇ ਪਰਮਿੰਦਰ ਸਿੰਘ ਹੈਪੀ ਨੇ ਦੱਸਿਆ ਕਿ ਲੋੜਵੰਦ ਬੱਚਿਆਂ ਨੂੰ ਕੋਚਿੰਗ ਦੇ ਨਾਲ-ਨਾਲ ਮੁਫ਼ਤ ਕਿਤਾਬਾਂ ਦੇ ਸੈੱਟ ਵੀ ਦਿੱਤੇ ਜਾਂਦੇ ਹਨ ਤਾਂ ਜੋ ਲੋੜਵੰਦ ਤੇ ਹੋਣਹਾਰ ਬੱਚਿਆਂ ਦੇ ਪੜ੍ਹਨ ਦਾ ਸੁਪਨਾ ਸਾਕਾਰ ਹੋ ਸਕੇ | ਪ੍ਰੋਫੈਸਰ ਮਨਿੰਦਰ ਸਿੰਘ ਨੇ ਪੇ੍ਰਰਨਾਦਾਇਕ ਲੈਕਚਰ ਦਿੰਦੇ ਹੋਏ ਬੱਚਿਆਂ ਨੂੰ ਦੱਸਿਆ ਕਿ ਕਿਵੇਂ ਮਾਪੇ ਤੁਹਾਡੇ ਲਈ ਸਭ ਕੁੱਝ ਕਰਦੇ ਹਨ | ਇਸ ਲਈ ਤੁਹਾਡਾ ਵੀ ਫ਼ਰਜ਼ ਬਣਦਾ ਹੈ ਕਿ ਉਨ੍ਹਾਂ ਦੀਆਂ ਆਸਾਂ 'ਤੇ ਉਤਰ ਕੇ ਆਪਣੀ ਜ਼ਿੰਮੇਵਾਰੀ ਨੂੰ ਸਮਝੋ | ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਮਨ ਲਗਾ ਕੇ ਪੜ੍ਹਾਈ ਕਰਨੀ ਚਾਹੀਦੀ ਹੈ ਅਤੇ ਆਪਣੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਹਰ ਮਾਪਿਆਂ ਦਾ ਸੁਪਨਾ ਹੁੰਦਾ ਹੈ ਕਿ ਉਨ੍ਹਾਂ ਦੇ ਬੱਚੇ ਪੜ੍ਹ-ਲਿਖ ਕੇ ਆਪਣੇ ਪੈਰਾਂ 'ਤੇ ਖੜੇ੍ਹ ਹੋ ਸਕਣ | ਇਸ ਦੇ ਨਾਲ ਹੀ ਬੱਚਿਆਂ ਦਾ ਵੀ ਮਾਪਿਆਂ, ਸਮਾਜ ਤੇ ਦੇਸ਼ ਪ੍ਰਤੀ ਫ਼ਰਿਜ ਬਣਦਾ ਹੈ ਕਿ ਉਹ ਚੰਗੇ ਨਾਗਰਿਕ ਬਣ ਕੇ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾਉਣ |
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਲੋੜਵੰਦ ਤੇ ਹੋਣਹਾਰ ਬੱਚਿਆਂ ਨੂੰ ਵੰਡੀਆਂ ਕਿਤਾਬਾਂ
ਅਜੀਤ ਡੈਸਕ
01-02-2026