ਅਬੋਹਰ, 31 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ)-ਲੁਧਿਆਣਾ 'ਚ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵਲੋਂ ਇਕ ਸਿੱਖ ਟੈਕਸੀ ਡਰਾਈਵਰ 'ਤੇ ਲੱਗੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਦੀ ਤਸਵੀਰ ਉਪਰੰਤ ਤੈਸ਼ 'ਚ ਆਏ ਉਕਤ ਮੁਲਾਜ਼ਮਾਂ ਵਲੋਂ ਅਣਮਨੁੱਖੀ ਤਸ਼ੱਦਦ ਕੀਤੇ ਜਾਣਾ 1984 ਦੇ ਦਹਾਕਿਆਂ ਵਿਚ ਕੀਤੇ ਫ਼ਰਜ਼ੀ ਐਨਕਾਊਾਟਰਾਂ ਦੀ ਯਾਦ ਦਿਵਾਉਂਦਾ ਹੈ | ਉਕਤ ਸ਼ਬਦ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਵਰਕਿੰਗ ਕਮੇਟੀ ਮੈਂਬਰ ਤੇਜਪਾਲ ਸਿੰਘ ਕੁੰਡਲ ਨੇ ਗੱਲਬਾਤ ਕਰਦੇ ਹੋਏ ਸਾਂਝੇ ਕੀਤੇ | ਤੇਜਪਾਲ ਸਿੰਘ ਕੁੰਡਲ ਨੇ ਉਕਤ ਘਟਨਾ ਦੀ ਨਿਖੇਧੀ ਕਰਦੇ ਹੋਏ ਅਣਮਨੁੱਖੀ ਤਸ਼ੱਦਦ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਡਿਸਮਿਸ ਕੀਤੇ ਜਾਣ ਦੀ ਮੰਗ ਵੀ ਕੀਤੀ | ਉਨ੍ਹਾਂ ਕਿਹਾ ਕਿ ਲੁਧਿਆਣਾ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਤੇ ਹੋਰ ਸਿੱਖ ਸੰਗਠਨਾਂ ਵਲੋਂ ਦਬਾਅ ਉਪਰੰਤ ਪੁਲਿਸ ਅਧਿਕਾਰੀਆਂ ਨੇ ਪੀੜਤ ਧਿਰ ਦੇ ਬਿਆਨਾਂ ਦੇ ਆਧਾਰ 'ਤੇ 2 ਕੇਸ ਦਰਜ ਤਾਂ ਕਰ ਲਏ ਗਏ ਹਨ ਪਰ ਉਕਤ ਘਟਨਾ ਪਿੱਛੇ ਪੁਲਿਸ ਮੁਲਾਜ਼ਮਾਂ ਦੀ ਕੀ ਮਨਸ਼ਾ ਸੀ, ਇਹ ਵੀ ਸਾਹਮਣੇ ਆਉਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਸਿੱਖ ਕੌਮ 'ਚ ਸਤਿਕਾਰਤ ਸ਼ਖ਼ਸੀਅਤ ਹਨ | ਅਜਿਹੇ ਵਿਚ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਦੀ ਤਸਵੀਰ ਦਾ ਮੁੱਦਾ ਬਣਾ ਕੇ ਸਿੱਖ ਟੈਕਸੀ ਡਰਾਈਵਰ ਨਾਲ ਅਣਮਨੁੱਖੀ ਤਸ਼ੱਦਦ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ |