ਅਬੋਹਰ, 2 ਫਰਵਰੀ (ਵਿਵੇਕ ਹੂੜੀਆ)-ਭਾਰਤੀ ਜਨਤਾ ਪਾਰਟੀ ਦੇ ਸਾਬਕਾ ਪ੍ਰਧਾਨ ਤੇ ਡੀ. ਏ. ਵੀ. ਕਾਲਜ ਦੇ ਗਣਿਤ ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਬੀ. ਐਲ. ਰਿਣਵਾ ਨੇ ਕਿਹਾ ਕਿ ਹੁਣ ਦੇਸ਼-ਵਿਦੇਸ਼ ਵਿਚ ਨੌਜਵਾਨ 'ਆਭਾ ਨਗਰੀ' ਵਜੋਂ ਜਾਣੇ ਜਾਂਦੇ ਅਬੋਹਰ ਦਾ ਨਾਂਅ ਹੋਰ ਵੀ ਰੌਸ਼ਨ ਕਰ ਸਕਣਗੇ | ਇਹ ਪ੍ਰਗਟਾਵਾ ਗਊਸ਼ਾਲਾ ਰੋਡ 'ਤੇ ਜਾਖੜ ਟਰੱਸਟ ਵਲੋਂ ਸਥਾਪਿਤ ਕੀਤੇ ਸਟੱਡੀ ਸੈਂਟਰ ਦੇ ਉਦਘਾਟਨ ਹੋਣ ਮੌਕੇ ਕੀਤਾ | ਇਸ ਮੌਕੇ ਨਗਰ ਨਿਗਮ ਦੇ ਮੇਅਰ ਵਿਮਲ ਠਠਈ ਤੇ ਸਿੱਖਿਆ ਸ਼ਾਸਤਰੀ ਦੇਵ ਸਿੰਘ ਖਹਿਰਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਪ੍ਰੋ. ਰਿਣਵਾ ਨੇ ਕਿਹਾ ਕਿ 'ਨਸ਼ਿਆਂ ਤੋਂ ਦੂਰ ਖੇਡਾਂ ਵੱਲ' ਮੁਹਿੰਮ ਦੇ ਸੰਸਥਾਪਕ ਸਵ. ਸੁਰਿੰਦਰ ਜਾਖੜ ਨੂੰ ਸਮਰਪਿਤ ਇਹ ਸਟੱਡੀ ਸੈਂਟਰ ਅਬੋਹਰ ਦੇ ਵਿੱਦਿਅਕ ਵਿਕਾਸ ਵਿਚ ਮੀਲ ਪੱਥਰ ਸਾਬਤ ਹੋਵੇਗਾ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸੁਰਿੰਦਰ ਜਾਖੜ ਨੇ 'ਇਫਕੋ' ਨੂੰ ਵਿਸ਼ਵ ਪੱਧਰ 'ਤੇ ਪਛਾਣ ਦਿਵਾਈ, ਉਸੇ ਤਰ੍ਹਾਂ ਇਹ ਕੇਂਦਰ ਉੱਚ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਨੌਜਵਾਨਾਂ ਨੂੰ ਸਫਲਤਾ ਦੀਆਂ ਬੁਲੰਦੀਆਂ 'ਤੇ ਲੈ ਕੇ ਜਾਵੇਗਾ | ਵਿਧਾਇਕ ਸੰਦੀਪ ਜਾਖੜ ਤੇ ਮੁੱਖ ਟਰੱਸਟੀ ਜੈਵੀਰ ਜਾਖੜ ਨੇ ਦੱਸਿਆ ਕਿ ਇਸ ਕੇਂਦਰ 'ਚ ਇਕੋ ਸਮੇਂ 48 ਨੌਜਵਾਨ ਆਧੁਨਿਕ ਸਹੂਲਤਾਂ ਦਾ ਲਾਭ ਉਠਾਉਂਦੇ ਹੋਏ ਆਪਣੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਸਕਣਗੇ | ਮੇਅਰ ਵਿਮਲ ਠਠਈ ਤੇ ਦੇਵ ਸਿੰਘ ਖਹਿਰਾ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ਇਲਾਕੇ ਦੀ ਤਰੱਕੀ ਲਈ ਇਤਿਹਾਸਕ ਕਦਮ ਦੱਸਿਆ |